ਨੇਚਰ ਲਵਰ ਸੰਸਥਾ ਦੇ ਸਹਿਯੋਗ ਨਾਲ ਪੌਦੇ ਅਤੇ ਟ੍ਰੀ ਗਾਰਡ ਲਵਾਏ
ਸ਼ਹਿਰ ਦੇ ਦਾਖਲਾ ਪੁਆਇੰਟਾਂ ’ਤੇ ਖੰਭਿਆਂ ਨੂੰ ਕਰਵਾਇਆ ਗਿਆ ਪੇਂਟ
ਸ਼ਹਿਰ ਵਿਚ ਪੜਾਅਵਾਰ ਸਫਾਈ ਮੁਹਿੰਮ ਜਾਰੀ, ਹਰ ਨਾਗਰਿਕ ਦੇਵੇ ਸਹਿਯੋਗ: ਐਸਡੀਐਮ
ਤਪਾ, 3 ਅਕਤੂਬਰ
ਸਰਕਾਰ ਦੀ ਸਵੱੱਛਤਾ ਮੁਹਿੰਮ ਤਹਿਤ ਤਪਾ ਨਗਰ ਕੌਂਸਲ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਸਫਾਈ ਮੁਹਿੰਮ ਵਿੱਢੀ ਹੋਈ ਹੈ। ਨਗਰ ਕੌਂਸਲ ਤਪਾ ਦੀ ਇਸ ਮੁਹਿੰਮ ਬਦੌਲਤ ਸ਼ਹਿਰ ਦੀ ਨੁਹਾਰ ਬਦਲਣ ਲੱਗੀ ਹੈ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਕਾਰਜਸਾਧਕ ਅਫਸਰ ਸ. ਮਨਪ੍ਰੀਤ ਸਿੰਘ ਸਿੱਧੂ ਨੇ ਦੱੱਸਿਆ ਕਿ ਤਪਾ ਸ਼ਹਿਰ ਵਿਚ ਸਫਾਈ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਅਧੀਨ ਸ਼ਹਿਰ ਦੇ ਨਾਮਦੇਵ ਮਾਰਗ ’ਤੇ ਨੇਚਰ ਲਵਰ ਸੰਸਥਾ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਦੇ ਸਹਿਯੋਗ ਨਾਲ ਇਨ੍ਹਾਂ ਪੌਦਿਆਂ ’ਤੇ ਟ੍ਰੀ ਗਾਰਡ ਲਗਾਏ ਗਏ ਹਨ ਤਾਂ ਜੋ ਇਹ ਬਹਾਲ ਹੋ ਸਕਣ। ਇਸ ਦੇ ਨਾਲ ਹੀ ਨਾਮਦੇਵ ਮਾਰਗ ’ਤੇ ਸਾਫ-ਸਫਾਈ ਕਰ ਵਾ ਕੇ ਸੜਕ ਦੇ ਦੋਵੇਂ ਪਾਸੇ ਦੇ ਖੰਭੇ ਪੇਂਟ ਕਰਵਾਏ ਗਏ ਹਨ।
ਇਸ ਮੌਕੇ ਸੈਨੇਟਰੀ ਇੰਚਾਰਜ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਵੱਛਤਾ ਉਪਰਾਲਿਆਂ ਤਹਿਤ ਸ਼ਹਿਰ ਵਿਚ ਰੇਹੜੀਆਂ ਰਾਹੀਂ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖ ਇਕੱਠਾ ਕਰ ਕੇ ਨਵੇਂ ਬੱਸ ਸਟੈਂਡ ਵਿਚ ਬਣੀਆਂ 20 ਪਿੱਟਸ ਵਿਚ ਗਿੱਲਾ ਕੂੜਾ ਪਾਇਆ ਜਾਂਦਾ ਹੈ, ਜਿਸ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸੁੱਕੇ ਕੂੜੇ ਦਾ ਵੀ ਸੁਚੱਜਾ ਨਿਬੇੜਾ ਕੀਤਾ ਜਾਂਦਾ ਹੈ। ਉਨ੍ਹਾਂ ਦੱੱਸਿਆ ਕਿ ਸ਼ਹਿਰ ਦੇ ਸਾਰੇ ਦਾਖਲਾ ਪੁਆਇੰਟਾਂ ’ਤੇ ਖੰਭਿਆਂ ’ਤੇ ਪੇਂਟ ਕਰਵਾ ਕੇ ਸ਼ਹਿਰ ਦੀ ਦਿੱਖ ਬਦਲੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਟੈਕਸੀ ਸਟੈਂਡ ’ਚੋਂ ਕੂੜੇ ਦਾ ਡੰਪ ਚੁਕਵਾ ਕੇ ਉਥੇ ਸਵੱਛਤਾ ਜਾਗਰੂਕਤਾ ਬੋਰਡ ਲਾਏ ਗਏ ਹਨ। ਉੁਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਨੈÎਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਗਰ ਕੌਂਸਲ ਦੇ ਸਵੱਛਤਾ ਉਪਰਾਲਿਆਂ ਵਿਚ ਸਹਿਯੋਗ ਦੇਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ-ਸੁੱਥਰਾ ਰੱਖਣ ਵਿਚ ਯੋਗਦਾਨ ਪਾਉਣ।
ਬੌਕਸ ਲਈ ਪ੍ਰਸਤਾਵਿਤ
ਐਸਡੀਐਮ ਵੱਲੋਂ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ ਮੁਹਿੰਮ ਸਫਲ ਬਣਾਉਣ ਦਾ ਸੱਦਾ
ਐਸਡੀਐਮ ਸ੍ਰੀ ਵਰਜੀਤ ਵਾਲੀਆ ਨੇ ਆਖਿਆ ਕਿ ਜ਼ਿਲ੍ਹੇ ਵਿੱਚ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਸਲੋਗਨ ਤਹਿਤ ਮੁਹਿੰਮ ਵਿੱਢੀ ਗਈ ਹੈ, ਜਿਸ ਨੂੰ ਹਰ ਨਾਗਰਿਕ ਸਫਲ ਬਣਾਵੇ। ਉਨ੍ਹਾਂ ਆਖਿਆ ਕਿ ਰਲ-ਮਿਲ ਕੇ ਹੰਭਲਾ ਮਾਰਿਆ ਜਾਵੇ ਅਤੇ ਪਲਾਸਟਿਕ ਦੀ ਵਰਤੋਂ ਬੰਦ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਸ਼ਹਿਰ ਅਤੇ ਜ਼ਿਲ੍ਹੇ ਨੂੰ ਸਫਾਈ ਪੱਖੋਂ ਮੋਹਰੀ ਬਣਾ ਸਕੀਏ।