ਪਟਿਆਲਾ 6 ਮਾਰਚ –
ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਭਰ ਦੇ ਸਰਕਾਰੀ ਸਕੂਲਾਂ ਲਈ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਪਟਿਆਲਾ ਇੰਜੀ. ਅਮਰਜੀਤ ਸਿੰਘ ਨੇ ਜਿਲ੍ਹੇ ਦੇ ਜੀ.ਓ.ਜੀ. ਨਾਲ ਬੈਠਕ ਕੀਤੀ।
ਇੰਜੀ. ਅਮਰਜੀਤ ਸਿੰਘ ਨੇ ਜੀ.ਓ.ਜੀਜ਼. ਨੂੰ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਹਰ ਪੱਖੋਂ ਹੋਏ ਵਿਕਾਸ ਬਾਰੇ ਵਿਸਥਾਰ ‘ਚ ਚਾਨਣਾ ਪਾਇਆ। ਜਿਸ ਤਹਿਤ ਇਸ ਮਹੀਨੇ ਦੇ ਅਖੀਰ ‘ਚ ਲੱਗਣ ਵਾਲੇ ਬਾਲ ਮੇਲਿਆਂ ਦੀ ਸਫਲਤਾ ਲਈ ਜੀ.ਓ.ਜੀਜ਼. ਤੋਂ ਸਹਿਯੋਗ ਦੀ ਮੰਗ ਕੀਤੀ ਗਈ ਅਤੇ ਸਕੂਲਾਂ ‘ਚ ਲੋੜੀਂਦੇ ਸੁਧਾਰਾਂ ਬਾਰੇ ਜਾਣਕਾਰੀ ਤੇ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ ਗਈ।
ਡੀ.ਈ.ਓ. ਨੇ ਦੱਸਿਆ ਕਿ ਪਿਛਲੇ ਵਰ੍ਹੇ ਰਾਜ ਦੇ ਸਰਕਾਰੀ ਸਕੂਲਾਂ ‘ਚ ਵਧੇ ਰਿਕਾਰਡਤੋੜ ਦਾਖਲੇ ਲਈ ਜੀ.ਓ.ਜੀਜ਼. ਨੇ ਬਹੁਤ ਸਹਿਯੋਗ ਦਿੱਤਾ ਸੀ। ਮੀਟਿੰਗ ਦੌਰਾਨ ਜੀ.ਓ.ਜੀ. ਦੇ ਜਿਲ੍ਹਾ ਮੁਖੀ ਦਵਿੰਦਰ ਸਿੰਘ ਗਰੇਵਾਲ ਦੀ ਸਰਪ੍ਰਸਤੀ ‘ਚ ਵੱਖ-ਵੱਖ ਤਹਿਸੀਲ ਤੇ ਸਬ ਤਹਿਸੀਲ ਮੁਖੀਆਂ ਨੇ ਸ਼ਿਰਕਤ ਕੀਤੀ। ਸ. ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਹਰ ਵਿਕਾਸਮੁਖੀ ਪ੍ਰੋਜੈਕਟ ਲਈ ਵੱਧ ਤੋਂ ਵੱਧ ਸਹਿਯੋਗ ਕਰਨਾ ਹੈ। ਇਸੇ ਤਹਿਤ ਹੀ ਰਾਜ ਦੇ ਸਰਕਾਰੀ ਸਕੂਲਾਂ ‘ਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਚਲਾਈ ਜਾ ਰਹੀ ਮੁਹਿੰਮ ਲਈ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਿਲ੍ਹੇ ਭਰ ਦੇ ਜੀ.ਓ.ਜੀ. ਸਿੱਖਿਆ ਵਿਭਾਗ ਦੀ ਈਚ ਵਨ ਬਰਿੰਗ ਵਨ ਮੁਹਿੰਮ ਦੀ ਸਫਲਤਾ ਲਈ ਵੱਧ-ਚੜ੍ਹ ਕੇ ਯੋਗਦਾਨ ਪਾਉਣਗੇ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ, ਪੜ੍ਹੋ ਪੰਜਾਬ ਕੋਆਰਡੀਨੇਟਰ ਰਾਜਵੰਤ ਸਿੰਘ, ਤਲਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਸਰਾਂ ਵੀ ਹਾਜ਼ਰ ਸਨ।
ਤਸਵੀਰ: ਡੀ.ਈ.ਓ. (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਤੇ ਜੀ.ਓ.ਜੀ. ਦਵਿੰਦਰ ਸਿੰਘ ਗਰੇਵਾਲ ਦਾਖਲਾ ਮੁਹਿੰਮ ਲਈ ਵਿਚਾਰ ਚਰਚਾ ਕਰਦੇ ਹੋਏ।