ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਦੀ ਗਰਾਊਂਡ ਵਿਖੇ ਮਨਾਇਆ ਗਿਆ

Gurmeet Singh Khudian
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਦੀ ਗਰਾਊਂਡ ਵਿਖੇ ਮਨਾਇਆ ਗਿਆ

Sorry, this news is not available in your requested language. Please see here.

ਸ. ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸੂ ਪਾਲਣ ਮੰਤਰੀ ਪੰਜਾਬ ਜੀ ਨੇ ਲਹਿਰਾਇਆ ਰਾਸਟਰੀ ਤਿਰੰਗਾ

ਪਠਾਨਕੋਟ 26 ਜਨਵਰੀ 2024 

ਅੱਜ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਮੈਂ ਜਿਲ੍ਹਾ ਪਠਾਨਕੋਟ ਦੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅੱਜ ਇਸ ਮੁਬਾਰਕ ਮੌਕੇ ਮੈਂ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਦਿਲੋਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ, ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਸੂਰਬੀਰਾਂ ਨੇ ਹੀ ਦਿੱਤੀਆਂ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ। ਇਹ ਪ੍ਰਗਟਾਵਾ ਸ. ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸੂ ਪਾਲਣ ਮੰਤਰੀ ਪੰਜਾਬ ਜੀ ਨੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਸਰਵਸ੍ਰੀ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰਜ਼ ਫੀਲਡ ਅਫਸਰ-ਕਮ-ਐਸ.ਡੀ.ਐਮ. ਪਠਾਨਕੋਟ, ਜਿਉਤਸਨਾ ਸਿੰਘ ਪੀ.ਸੀ.ਐਸ., ਅਸਵਨੀ ਸਰਮਾ ਵਿਧਾਇਕ ਪਠਾਨਕੋਟ, ਵਿਭੂਤੀ ਸਰਮਾ ਚੇਅਰਮੈਨ ਟੂਰਿਜਮ ਡਿਵੈਲਪਮੈਂਟ ਕਾਰਪੋਰੇਸਨ, ਸੁਨੀਲ ਗੁਪਤਾ ਚੇਅਜਰਮੈਨ ਪੈਸਕੋ, ਸਾਹਿਬ ਸਿੰਘ ਸਾਬਾ, ਮਨੋਹਰ ਠਾਕੁਰ ਕਲਭੂਸਣ ਕੁਮਾਰ , ਰੇਖਾ ਮਨੀ ਸਰਮਾ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਪਠਾਨਕੋਟ, ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਣ ਲਾਲ , ਆਦਿ ਹਾਜ਼ਰ ਸਨ। ਜਿਕਰਯੋਗ ਹੈ ਕਿ ਮੁੱਖ ਮਹਿਮਾਨ ਜੀ ਵੱਲੋਂ ਤਿਰੰਗਾਂ ਲਹਿਰਾਉਂਣ ਤੋਂ ਬਾਅਦ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਹਵਾਂ ਵਿੱਚ ਗੁਬਬਾਰੇ ਛੱਡ ਕੇ ਜਿਲ੍ਹਾ ਨਿਵਾਸੀਆ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਮੁਬਾਰਕਵਾਦ ਦਿੱਤੀ।

ਉਨ੍ਹਾਂ ਕਿਹਾ ਕਿ ਮੈਂ ਅੱਜ 75ਵੇਂ ਗਣਤੰਤਰ ਦਿਵਸ ਮੌਕੇ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖ਼ਾਸ ਤੌਰ `ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦਾ ਹਾਂ, ਜੋ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੈ। ਮੈਂ ਇਸ ਪਵਿੱਤਰ ਦਿਹਾੜੇ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਵੱਡਮੁੱਲੇ ਯੋਗਦਾਨ ਨੂੰ ਵੀ ਸਿਜਦਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ. ਇਹ ਦਿਹਾੜਾ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ-ਘਾੜਿਆਂ ਵੱਲੋਂ ਭਾਰਤ ਦੇ ਸੁਨਹਿਰੀ ਭਵਿੱਖ ਬਾਰੇ ਲਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ `ਤੇ ਝਾਤ ਮਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦ੍ਰਿੜ੍ਹ ਸੰਕਲਪ ਹੈ। ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪਹਿਲੀ ਤੇ ਦੂਜੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ 65 ਸਾਲ ਤੋਂ ਵੱਧ ਉਮਰ ਵਾਲੇ ਸਾਬਕਾ ਸੈਨਿਕਾਂ/ ਜੰਗੀ ਵਿਧਵਾਵਾਂ ਜਿਨ੍ਹਾਂ ਨੂੰ ਬਿਨਾਂ ਕਿਸੇ ਪੈਨਸ਼ਨ ਲਾਭ ਦੇ ਘਰ ਭੇਜ ਦਿੱਤਾ ਸੀ, ਦੀ ਵਿੱਤੀ ਸਹਾਇਤਾ ਮੌਜੂਦਾ 6000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 10,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਆਪਣੇ ਮਹਿਜ਼ 22 ਮਹੀਨਿਆਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 39 ਹਜ਼ਾਰ 406 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਅਤੇ 12 ਹਜ਼ਾਰ 710 ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ। ਸਮੁੱਚੀ ਭਰਤੀ ਨਿਰੋਲ ਮੈਰਿਟ ਦੇ ਆਧਾਰ ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕੀਤੀ ਹੈ। ਹੁਣ ਤੱਕ ਕਰੀਬ 550 ਭ੍ਰਿਸ਼ਟਾਚਾਰੀਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਚੁੱਕੀ ਹੈ। ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਸਿਆਸਤਦਾਨ ਜਾਂ ਅਧਿਕਾਰੀ ਨਾਲ ਲਿਹਾਜ਼ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਸਰਨਾ ਵਿਖੇ 8 ਕਰੋੜ ਰੁਪਏ ਦੀ ਲਾਗਤ ਨਾਲ ਸਰਕਟ ਹਾਊਸ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਜਿਸ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। 7 ਕਰੋੜ 29 ਲੱਖ ਰੁਪਏ ਖਰਚ ਕਰਕੇ ਗੁਰੂਦਵਾਰਾ ਬਾਰਠ ਸਾਹਿਬ ਨੂੰ ਜਾਂਦੀ ਸੜਕ ਤੇ 61.50 ਮੀਟਰ ਹਾਈ ਲੈਵਲ ਪੁੱਲ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਚੱਕੀ ਰੇਲਵੇ ਸਟੇਸ਼ਨ ਨੇੜੇ 59 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜੋ ਕਿ ਲਗਭਗ 83 ਪ੍ਰਤੀਸ਼ਤ ਮੁਕੰਮਲ ਹੋ ਚੁੱਕਿਆ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੁਜਾਨਪੁਰ ਵਿਖੇ ਕਰੀਬ 13.50 ਕਰੋੜ ਖਰਚ ਕਰਕੇ ਸਰਕਾਰੀ ਕਾਲਜ ਸੁਜਾਨਪੁਰ ਦੀ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜੋ ਕਿ ਲਗਭਗ 95 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰਟ ਕੰਪਲੈਕਸ ਵਿੱਚ ਚੌਥੀ ਅਤੇ ਪੰਜਵੀਂ ਮੰਜਿਲ ਦੇ ਨਿਰਮਾਣ ‘ਤੇ 579.78 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਦਾ ਕੰਮ ਲਗਭਗ 93 ਪ੍ਰਤੀਸ਼ਤ ਮੁਕੰਮਲ ਹੋ ਚੁੱਕਾ ਹੈ। ਆਈ.ਟੀ.ਆਈ. ਨਿਆੜੀ ਦੀ ਉਸਾਰੀ 843.31 ਲੱਖ ਰੁਪਏ ਨਾਲ ਕੀਤੀ ਜਾ ਰਹੀ ਹੈ। ਜਿਸ ਦਾ ਲਗਭਗ 85% ਕੰਮ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਡੇਅਰੀ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਪਰਮਾਨੰਦ ਵਿਖੇ 2 ਕਰੋੜ ਦੀ ਲਾਗਤ ਨਾਲ ਡੇਅਰੀ ਸਿਖਲਾਈ ਕੇਂਦਰ ਬਣਾਇਆ ਜਾ ਰਿਹਾ ਹੈ, ਜੋ ਕਿ ਜਲਦੀ ਹੀ ਬਣ ਕੇ ਮੁਕੰਮਲ ਹੋ ਜਾਵੇਗਾ। ਪਠਾਨਕੋਟ ਜ਼ਿਲ੍ਹੇ ਅੰਦਰ ਲੰਬੇ ਸਮੇਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 25 ਪ੍ਰਗਤੀਸ਼ੀਲ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਦੇ ਰੱਖਵਾਲੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸਾਲ 2023-24 ਦੌਰਾਨ ਜ਼ਿਲ੍ਹਾ ਪਠਾਨਕੋਟ ਵਿੱਚ ਖੇਤੀਬਾੜੀ ਵਿਭਾਗ ਵੱਲੋਂ 918 ਕੁਵਿੰਟਲ ਕਣਕ ਦਾ ਬੀਜ ਕਿਸਾਨਾਂ ਨੂੰ 50 ਪ੍ਰਤੀਸ਼ਤ ਸਬਸਿਡੀ ‘ਤੇ ਉਪਲਬੱਧ ਕਰਵਾਇਆ ਗਿਆ ਹੈ। ਮੱਛੀ ਪਾਲਣ ਵਿਭਾਗ ਪਠਾਨਕੋਟ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਸਬੰਧੀ ਜਾਗਰੂਕ ਕਰਦੇ ਹੋਏ ਜ਼ਿਲ੍ਹੇ ਅੰਦਰ 693 ਏਕੜ ਰਕਬਾ ਮੱਛੀ ਪਾਲਣ ਅਧੀਨ ਲਿਆਉਂਦਾ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁੱਹਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ, ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 12 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਇਨ੍ਹਾਂ ਕਲੀਨਿਕਾਂ ਵਿੱਚ 1,70,575 ਮਰੀਜਾਂ ਦੀ ਓ.ਪੀ.ਡੀ. ਅਤੇ 62,072 ਲੈਬ ਟੈਸਟ ਕੀਤੀ ਜਾ ਚੁੱਕੀ ਹੈ।

ਅੱਜ ਦੇ ਜਿਲ੍ਹਾ ਪੱਧਰੀ ਸਮਾਰੋਹ ਦੋਰਾਨ ਵੱਖ ਵੱਖ ਸਕੂਲਾਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ, ਸੀ.ਐਮ. ਦੀ ਯੋਗਸਾਲਾ ਵੱਲੋਂ ਵੀ ਵਧੀਆ ਪੇਸਕਾਰੀ ਕੀਤੀ ਗਈ, ਵੱਖ ਵੱਖ ਸਕੂਲਾਂ ਕਾਲਜ਼ਾਂ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਅਤੇ ਨੋਜਵਾਨਾਂ ਵੱਲੋਂ ਭੰਗੜੇ ਦੀ ਪੇਸਕਾਰੀ ਕੀਤੀ ਗਈ। ਮਾਰਚ ਪਾਸਟ ਦੋਰਾਨ ਪੰਜਾਬ ਪੁਲਿਸ ਦੀਆਂ ਦੋ ਟੁਕੜੀਆਂ, ਮਹਿਲਾ ਪੁਲਿਸ, ਹੋਮ ਗਾਰਡ ਅਤੇ ਵੱਖ ਵੱਖ ਸਕੂਲਾਂ ਦੀਆਂ ਐਨ.ਸੀ.ਸੀ. ਪੈਲਟੂਨ ਵੱਲੋਂ ਮਾਰਚ ਪਾਸਟ ਕੀਤਾ ਗਿਆ। ਇਸ ਮੋਕੇ ਤੇ ਸੱਭਿਅਚਾਰਕ ਪ੍ਰੋਗਰਾਮ ਪੇਸ ਕਰਨ ਵਾਲੇ ਸਕੂਲਾਂ, ਮਾਰਚ ਪਾਸਟ ਵਿੱਚ ਭਾਗ ਲੈਣ ਵਾਲੇ ਪੈਲਟੂਨ ਕਮਾਂਡਰਾਂ, ਸਿੱਖਿਆ ਵਿਭਾਗ ਅੰਦਰ ਮੱਲਾ ਮਾਰਨ ਵਾਲੇ ਵਿਦਿਆਰਥੀਆਂ, ਖੇਡ ਵਿਭਾਗ ਵੱਲੋਂ ਜਿਲ੍ਹੇ ਪਠਾਨਕੋਟ ਦਾ ਨਾਮ ਰੋਸਨ ਕਰਨ ਅਤੇ ਅਧਿਕਾਰੀਆਂ ਨੂੰ ਵਧੀਆ ਗਾਰਗੁਜਾਰੀ ਲਈ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਜਿਲ੍ਹਾ ਪ੍ਰਸਾਸਨ ਵੱਲੋਂ ਮੁੱਖ ਮਹਿਮਾਨ ਜੀ ਨੂੰ ਯਾਦਗਾਰ ਚਿਨ੍ਹ ਅਤੇ ਦੋਸਾਲਾ ਭੇਂਟ ਕਰਕੇ ਸਨਮਾਨਤ ਕੀਤਾ। ਇਸ ਮੋਕੇ ਤੇ ਮੁੱਖ ਮਹਿਮਾਨ ਜੀ ਵੱਲੋਂ ਜਿਲ੍ਹਾ ਅੰਦਰ ਵਰਕਿੰਗ ਡੇ ਵਾਲੇ ਦਿਨ ਸਕੂਲਾਂ ਅੰਦਰ ਛੂੱਟੀ ਦਾ ਐਲਾਨ ਕੀਤਾ।