ਮੋਹਾਲੀ, 20 ਅਕਤੂਬਰ 2021
ਮਹਿਲਾ ਸ਼ਕਤੀਕਰਨ ਤਹਿਤ ਖੇਤੀਬਾੜੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ, ਕੰਬਾਲਾ ਵਲੋਂ ਸਵਰਾਜ ਇੰਜਣ ਲਿਮਟਿਡ ਕੰਪਨੀ ਦੇ ਸਦਕਾ ਕਿਸਾਨ ਦਿਵਸ ਮਨਾਇਆ ਗਿਆ, ਜਿਸ ਤਹਿਤ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ ਕੋਵਿਡ ਪ੍ਰੋਟੋਕਾਲ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਵਿੱਚ ਗ੍ਰਾਮ ਪੰਚਾਇਤ ਕੰਬਾਲਾ, ਕੰਬਾਲੀ ਅਤੇ ਕੰਡਾਲਾ ਦੇ ਨੇੜਲੇ ਪਿੰਡਾਂ ਦੀਆਂ ਮਹਿਲਾਵਾਂ ਸ਼ਾਮਿਲ ਹੋਈਆਂ।

ਸੈਂਟਰ ਹੈੱਡ ਕਰਮਚੰਦ ਨੇ ਆਏ ਮਹਿਮਾਨਾਂ ਅਤੇ ਮਹਿਲਾਵਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਸਵਰਾਜ ਵਲੋਂ ਪਹਿਲਾਂ ਵੀ ਵੱਖ-ਵੱਖ ਵਿਸ਼ਿਆਂ ਉਤੇ ਸੈਮੀਨਾਰ/ਵਰਕਸ਼ਾਪਾਂ ਲਾਈਆਂ ਜਾਂਦੀਆਂ ਹਨ। ਉਨ੍ਹਾਂ ਵਰਕਸ਼ਾਪਾਂ ਦਾ ਮੁੱਖ ਉਦੇਸ਼ ਮਹਿਲਾ ਸ਼ਕਤੀਕਰਨ, ਜਾਗਰੂਕ ਕਰਨਾ ਅਤੇ ਆਤਮ ਨਿਰਭਰ ਬਣਾਉਣ ਨਾਲ ਸਬੰਧਤ ਹੈ। ਇਸੇ ਤਰ੍ਹਾਂ ਸਵਰਾਜ ਵਲੋਂ ਹੁਣ ਖੇਤੀਬਾੜੀ ਵਿਸ਼ੇ ਉਤੇ ਕਰਵਾਈ ਜਾ ਰਹੀ ਵਰਕਸ਼ਾਪ ਵਿੱਚ ਖੇਤੀਬਾੜੀ ਅਫ਼ਸਰ ਡਾ. ਗੁਰਦਿਆਲ ਕੁਮਾਰ ਨੇ ਆਈਆਂ ਮਹਿਲਾਵਾਂ ਨੂੰ ਆਪਣੇ ਘਰਾਂ ਵਿੱਚ ਸਬਜ਼ੀਆਂ ਲਾਉਣ ਦੇ ਤੌਰ ਤਰੀਕਿਆਂ ਦੀ ਜਾਣਕਾਰੀ ਦਿੱਤੀ। ਵਧੀਆ ਕਿਸਮ ਦੇ ਬੀਜਾਂ ਬਾਰੇ ਖੇਤੀਬਾੜੀ ਅਫ਼ਸਰ ਨੇ ਵਿਸਤਾਰ ਪੂਰਵਕ ਦੱਸਿਆ ਅਤੇ ਕਿਹਾ ਕਿ ਵਧੀਆ ਬੀਜਾਂ ਲਈ ਸਾਨੂੰ ਆ ਕੇ ਮਿਲੋ, ਅਸੀਂ ਤੁਹਾਨੂੰ ਵਧੀਆ ਬੀਜ ਉਪਲਬਧ ਕਰਵਾਵਾਂਗੇ। ਸਬਜ਼ੀਆਂ ਬੀਜਣ ਦਾ ਸਮਾਂ ਤੇ ਵੱਧ ਤੋਂ ਵੱਧ ਉਪਜ ਹਾਸਲ ਕਰਨ ਵਾਸਤੇ ਚਾਨਣਾ ਪਾਇਆ।
ਮੈਡੀਕਲ ਅਫ਼ਸਰ ਡਾ. ਪ੍ਰੇਮ ਚੰਦ ਵਲੋਂ ਡੇਂਗੂ ਦੀ ਰੋਕਥਾਮ ਤੇ ਸਿਹਤ ਸੰਭਾਲ ਬਾਰੇ ਮਹਿਲਾਵਾਂ ਨੂੰ ਜਾਣਕਾਰੀ ਦਿੱਤੀ ਤੇ ਉਨ੍ਹਾਂ ਦਾ ਹਿਮੋਗਲੋਬਿਨ ਵੀ ਚੈੱਕ ਕੀਤਾ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ। ਵਰਕਸ਼ਾਪ ਦੌਰਾਨ ਸਕਿੱਲ ਸੈਂਟਰ ਦੇ ਸਟਾਫ਼ ਵਲੋਂ ਮਹਿਲਾਵਾਂ ਨੂੰ ਸੈਨਟਰੀ ਨੈਪਕਿਨ, ਮਾਸਕ ਅਤੇ ਵੱਖ-ਵੱਖ ਕਿਸਮ ਦੇ ਸਬਜ਼ੀਆਂ ਦੇ ਬੀਜ ਵੀ ਵੰਡੇ, ਜਿਨ੍ਹਾਂ ਮਹਿਲਾਵਾਂ ਨੇ ਪਹਿਲਾਂ ਵਰਕਸ਼ਾਪਾਂ ਵਿੱਚ ਭਾਗ ਲਿਆ ਸੀ, ਉਨ੍ਹਾਂ ਨੇ ਆਪਣੀ ਸਫ਼ਲਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸ੍ਰੀਮਤੀ ਕੁਲਦੀਪ ਕੌਰ ਪੰਚ ਕੰਬਾਲਾ ਨੇ ਦੱਸਿਆ ਕਿ ਪਸ਼ੁਆਂ ਦੀ ਦੇਖਭਾਲ ਲਈ ਕੈਂਪਾਂ ਤੋਂ ਜੋ ਸਿੱਖਿਆ ਉਸ ਦੇ ਨਾਲ ਉਨ੍ਹਾਂ ਦੇ ਪਸ਼ੂ ਹੁਣ ਬਿਮਾਰ ਘੱਟ ਰਹਿਣ ਲੱਗੇ ਅਤੇ ਪਸ਼ੂਆਂ ਦੇ ਦੁੱਧ ਉਤਪਾਦਨ ਵਿੱਚ ਵੀ ਬਹੁਤ ਵਾਧਾ ਹੋਇਆ ਤੇ ਇਸ ਦੇ ਨਾਲ ਘਰ ਦੀ ਆਮਦਨ ਵੀ ਵਧੀ ਹੈ।
ਸ੍ਰੀਮਤੀ ਪਰਮਜੀਤ ਕੌਰ (ਆਸ਼ਾ ਵਰਕਰ), ਰਾਜਵਿੰਦਰ ਕੌਰ, ਪੂਨਮ ਅਤੇ ਸਰਪੰਚ ਕੰਡਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੇਤੀਬਾੜੀ ਸਬੰਧੀ ਲਾਏ ਗਏ ਵਰਕਸ਼ਾਪਾਂ ਤੋਂ ਜੋ ਸਿੱਖਣ ਨੂੰ ਮਿਲਿਆ, ਉਸ ਤੋਂ ਸਾਨੂੰ 3-4 ਹਜ਼ਾਰ ਰੁਪਏ ਦਾ ਫਾਇਦਾ ਹੋ ਰਿਹਾ ਹੈ ਅਤੇ ਘਰ ਦੀਆਂ ਸਬਜ਼ੀਆਂ ਖਾਣ ਨਾਲ ਸਿਹਤ ਵੀ ਚੰਗੀ ਰਹਿਣ ਲੱਗੀ ਹੈ। ਇਨ੍ਹਾਂ ਸਾਰੀਆਂ ਮਹਿਲਾਵਾਂ ਵਲੋਂ ਮੈਸਰਜ ਸਵਰਾਜ ਇੰਜਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੀਆਂ ਹੋਰ ਵਰਕਸ਼ਾਪਾਂ ਲਗਾਉਣ ਲਈ ਬੇਨਤੀ ਵੀ ਕੀਤੀ। ਅਖੀਰ ਵਿੱਚ ਸੈਂਟਰ ਹੈੱਡ ਕਰਮਚੰਦ ਨੇ ਸਮੂਹ ਸਟਾਫ ਸਕਿੱਲ ਸੈਂਟਰ ਦੀ ਹਾਜ਼ਰੀ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੈਂਟਰ ਹੈੱਡ ਵਲੋਂ ਮਾਨਯੋਗ ਡਾਇਰੈਕਟਰ ਕੰਮ ਸੀ.ਈ.ਓ. ਮਨਿੰਦਰ ਸਿੰਘ ਗਰੇਵਾਲ, ਗੁਰਪ੍ਰੀਤ ਕੌਰ (ਸੀਨੀਅਰ ਮੈਨੇਜਰ) ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ, ਜਿਨ੍ਹਾਂ ਦੇ ਸਦਕਾ ਮਹਿਲਾ ਦੇ ਉਥਾਨ/ਸ਼ਕਤੀਕਰਨ ਲਈ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਆਪਣੀ ਸਫ਼ਲਤਾ ਦੱਸਣ ਵਾਲੀ ਮਹਿਲਾਵਾਂ ਨੂੰ ਸਵਰਾਜ ਵੱਲੋਂ ਉਤਸ਼ਾਹਿਤ ਕੀਤਾ ਅਤੇ ਸਮਾਪਤੀ ਤੇ ਸਾਰੇ ਮਹਿਮਾਨਾਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।