“ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ” ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਪਿੰਡ ਜੰਗਲ ਭਵਾਨੀ ਵਿੱਚ ਜਾਗਰੁਕਤਾ ਕੈਂਪ ਦਾ ਆਯੋਜਨ ।
ਪਠਾਨਕੋਟ 4 ਮਈ 2022
ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤਬਾੜੀ ਪੰਜਾਬ ਅਤੇ ਸ. ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤ ਸਰਕਾਰ ਵੱਲੋਂ ਚਲਾਈ ਗਈ “ਕਿਸਾਨ ਭਾਗੀਦਾਰੀ ਪ੍ਰਾਥਮਿਕਤਾ ਹਮਾਰੀ” ਮੁਹਿੰਮ ਤਹਿਤ ਪਿੰਡ ਜੰਗਲ ਭਵਾਨੀ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲੀਡ ਬੈਂਕ ਅਤੇ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ(ਆਤਮਾ) ਦੇ ਸਹਿਯੋਗ ਨਾਲ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸ਼੍ਰੀ ਸੁਨੀਲ ਦੱਤ ਮੁੱਖ ਲੀਡ ਬੈਂਕ ਮੈਨੇਜ਼ਰ, ਬਰਾਂਚ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ, ਡਾ. ਪਿ੍ਰਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਵਿਸ਼ਾਲ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ,ਬਲਵਿੰਦਰ ਕੁਮਾਰ, ਸਾਹਿਲ ਕੁਮਾਰ, ਮਨਦੀਪ ਕੁਮਾਰ ਵੱਡੀ ਗਿਣਤੀ ਵਿੱਚ ਕਿਸਾਨ ਸਨ।
ਹੋਰ ਪੜ੍ਹੋ :-ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਥਿਓਰੋ ਦੇ ਕੰਮਾਂ ਦਾ ਜਾਇਜ਼ਾ
ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਨ ਭਵਿੱਖ ਦੀ ਖੇਤੀ ਖਤਰੇ ਵਿੱਚ ਪੈ ਗਈ ਹੈ।ਉਨਾਂ ਕਿਹਾ ਕਿ ਜੇਕਰ ਸਾਨੂੰ ਅਗਲੀਆਂ ਪੀੜੀਆਂ ਲਈ ਪਾਣੀ ਬਚਾਉਣਾ ਹੈ ਤਾਂ ਸਾਨੂੰ ਘੱਟ ਪਾਣੀ ਖਪਤ ਕਰਨ ਵਾਲੀਆ ਝੋਨਾ ਕਾਸ਼ਤਕਾਰੀ ਤਕਨੀਕਾਂ ਅਪਨਾਉਣੀਆ ਪੈਣਗੀਆਂ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਅਪਣਾ ਕੇ ਪਾਣੀ ਦੀ ਬੱਚਤ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਘਟਾਏ ਜਾ ਸਕਦੇ ਹਨ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 1500/- ਦਿੱਤੇ ਜਾਣਗੇ ਜੋ ਲਾਭਪਾਤਰੀਆ ਦੇ ਖਾਤੇ ਵਿੱਚ ਪਾਏ ਜਾਣਗੇ।
ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੋਰਟਲ ਤੇ ਪੰਜੀਕਿ੍ਰਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਸਾਉਣ ਤੋਂ ਪ੍ਰਭਾਵਿਤ,ਗੰਨੇ ਦੀ ਫਸਲ ਤੋ ਵਿਹਲੇ ਹੋਏ ਖੇਤਾਂ ਜਾਂ ਹਲਕੀਆਂ ਜ਼ਮੀਨਾਂ ਵਾਲੇ ਖੇਤਾਂ ਦੀ ਚੋਣ ਨਾਂ ਕੀਤੀ ਜਾਵੇ।ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਤਰ ਵੱਤਰ ਤਕਨੀਕ ਵਰਤੀ ਜਾਵੇ ਅਤੇ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਾਇਆ ਜਾਵੇ। ਉਨਾਂ ਕਿਹਾ ਕਿ ਜ਼ਮੀਨ ਦੀ ਸਿਹਤ ਸੁਧਾਰਨ ਲਈ ਕਣਕ ਦੀ ਕਟਾਈ ਉਪਰੰਤ ਜੰਤਰ ਦੀ ਬਿਜਾਈ ਕਰਨੀ ਚਾਹੀਦੀ ਹੈ।ਉਨਾਂ ਦੱਸਿਆ ਕਿ ਹਰੀ ਖਾਦ ਲਈ ਜੰਤਰ ਦਾ 20 ਕਿਲੋ ਬੀਜ ਦਾ ਬੈਗ 860/- ਦਾ ਦਿੱਤਾ ਜਾ ਰਿਹਾ ਹੈ ਜੋ ਬਲਾਕ ਅਤੇ ਫੋਕਲ ਪੁਆਇੰਟ ਪੱਧਰ ਤੇ ਉਪਲਬਧ ਹੈ। ਉਨਾਂ ਕਿਹਾ ਕਿ ਜ਼ਿਲਾ ਪਠਾਨਕੋਟ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਝੋਨੇ ਦੀਆ ਕਿਸਮਾਂ ਤੋਂ ਇਲਾਵਾ ਕੋਈ ਕਿਸਮ ਦਾ ਬੀਜ ਨਹੀਂ ਵੇਚਣ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਕਿਸਾਨ ਗੈਰ ਪ੍ਰਵਾਨਿਤ ਹਾਈਬਿ੍ਰਡ ਕਿਸਮਾਂ ਦੀ ਬਿਜਾਈ ਨਾਂ ਕਰਨ ਕਿਉਂਕਿ ਟੋਟਾ ਜ਼ਿਆਦਾ ਹੋਣ ਕਾਰਨ ਸ਼ੈਲਰ ਮਾਲਕਾਂ ਅਤੇ ਆੜਤੀਆਂ ਨੂੰ ਨੁਕਸਾਨ ਹੁੰਦਾ ਹੈ ।
ਉਨਾਂ ਕਿਹਾ ਕਿ ਗੈਰ ਪ੍ਰਵਾਨਿਤ ਹਾਈਬਿ੍ਰਡ ਕਿਸਮਾਂ ਦੀ ਕਾਸਤ ਕਰਨ ਨਾਲ ਕਿਸਾਨਾਂ ਦੀ ਵੀ ਖੱਜਲ ਖਰਾਬੀ ਹੁੰਦੀ ਹੈ। ਉਨਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਮੂੰਗੀ ਦੀ ਕਾਸ਼ਤ ਕਰਕੇ ਪ੍ਰਤੀ ਏਕੜ ਵਧੇਰੇ ਆਮਦਨ ਲਈ ਜਾ ਸਕਦੀ ਹੈ।ਡਾ.ਪਿ੍ਰਤਪਾਲ ਸਿੰਘ ਨੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਸਲਾਂ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ।ਸ਼੍ਰੀ ਸੁਨੀਲ ਦੱਤ ਨੇ ਬੈਂਕਾਂ ਦੁਆਰਾ ਕਿਸਾਨਾਂ ਨੂੰ ਦਿੱਤੀ ਜਾ ਰਹੀਆ ਸਹੂਲਤਾਂ ਖਾਸ ਕਰਕੇ ਕਿਸਾਨ ਕਰੈਡਟ ਕਾਰਡ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱੱਤੀ।