Sorry, this news is not available in your requested language. Please see here.

ਡੀ.ਈ.ਓ. ਸੈਕੰਡਰੀ ਅਤੇ ਐਲੀਮੈਂਟਰੀ ਨੇ ਜ਼ਿਲ੍ਹਾ ਪੱਧਰੀ ਇਕੱਤਰਤਾ ਰਾਹੀਂ ਲਿਆ ਇੰਗਲਿਸ਼ ਬੂਸਟਰ ਕਲੱਬਾਂ ਦਾ ਜਾਇਜ਼ਾ
-ਅਧਿਆਪਕਾਂ ਨੇ ਬੋਲਚਾਲ ਦੇ ਕੌਸ਼ਲਾਂ ਵਿੱਚ ਸੁਧਾਰ ਲਈ ਦਿੱਤੇ ਮਹੱਤਵਪੂਰਨ ਸੁਝਾਅ
ਪਟਿਆਲਾ, 7 ਦਸੰਬਰ:
ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਦੇ ਨਾਲ-ਨਾਲ ਅੰਗਰੇਜ਼ੀ ਬੋਲਣ ਦੇ ਕੌਸ਼ਲਾਂ ਵਿੱਚ ਸੁਧਾਰ ਹਿੱਤ ਸਥਾਪਤ ਕੀਤੇ ਗਏ ਇੰਗਲਿਸ਼ ਬੂਸਟਰ ਕਲੱਬਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਵਧ ਰਹੀ ਹੈ।।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਇੰਗਲਿਸ਼ ਬੂਸਟਰ ਕਲੱਬ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਅਤੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਸਿੱਖਿਆ ਅਧਿਕਾਰੀਆਂ ਨਾਲ ਵਿਸ਼ੇਸ਼ ਮਿਲਣੀਆਂ ਕੀਤੀ ਗਈਆਂ ਜਿਸ ਵਿੱਚ ਡਾ. ਅਰਚਨਾ ਮਹਾਜਨ ਪ੍ਰਿੰਸੀਪਲ ਡਾਇਟ ਨਾਭਾ ਅਤੇ ਸਮੂਹ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਵੀ ਭਾਗ ਲਿਆ। ਸ੍ਰੀਮਤੀ ਹਰਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ 16 ਸੀਨੀਅਰ ਸੈਕੰਡਰੀ ਬਲਾਕਾਂ ਵਿੱਚ 376 ਇੰਗਲਿਸ਼ ਬੂਸ਼ਟਰ ਕਲੱਬ ਸਥਾਪਤ ਕੀਤੇ ਜਾ ਚੁੱਕੇ ਹਨ ਜਿਹਨਾਂ ਵਿੱਚ ਸਕੂਲ ਮੁਖੀਆਂ, ਅੰਗਰੇਜ਼ੀ ਅਤੇ ਸੋਸ਼ਲ ਸਟੱਡੀਜ਼ 7428 ਵਿਦਿਆਰਥੀ ਵੀ ਮੈਂਬਰ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਦੇ ਕਲਸਟਰ ਪੱਧਰ ਤੱਕ ਇੰਗਲਿਸ਼ ਬੂਸਟਰ ਕਲੱਬ ਸਥਾਪਿਤ ਹਨ। ਇਨ੍ਹਾਂ ਵਿੱਚ ਵਿਦਿਆਰਥੀ ਅਤੇ ਅਧਿਆਪਕ ਆਪਣੀਆਂ ਭਾਸ਼ਾ ਦੇ ਬੋਲਣ ਸਬੰਧੀ ਕੌਸ਼ਲਾਂ ਦੀਆਂ ਵੀਡੀਓਜ਼ ਅਤੇ ਪੋਸਟਰ ਤਿਆਰ ਕਰਕੇ ਸਾਂਝੇ ਕਰਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਨੂੰ ਬੱਚਿਆਂ ਦੇ ਮਾਪੇ ਬਹੁਤ ਪਸੰਦ ਕਰ ਰਹੇ ਹਨ।
ਡਾ. ਅਰਚਨਾ ਮਹਾਜਨ ਪ੍ਰਿੰਸੀਪਲ ਡਾਈਟ ਨਾਭਾ ਨੇ ਦੱਸਿਆ ਕਿ ਮੀਟਿੰਗ ‘ਚ ਹਾਜ਼ਰ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਕੌਸ਼ਲਾਂ ਵਿੱਚ ਸੁਧਾਰ ਲਿਆਉਣ ਲਈ ਕਲਾਸਰੂਮ ਅੰਦਰ ਵਰਤੀਆਂ ਜਾਣ ਵਾਲੀਆਂ ਹਦਾਇਤਾਂ ਵਿੱਚ ਸਮੇਂ ਅਨੁਸਾਰ ਬਦਲਾਅ ਲਿਆਉਣ ‘ਤੇ ਜ਼ੋਰ ਦਿੱਤਾ। ਲਗਭਗ ਤਿੰਨ ਘੰਟੇ ਚੱਲੀ ਇਸ ਮਿਲਣੀ ਦੌਰਾਨ ਹਰੇਕ ਅਧਿਆਪਕ ਨੂੰ 45 ਤੋਂ 90 ਸੈਕਿੰਡ ਦਾ ਸਮਾਂ ਬੋਲਣ ਲਈ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੀਆਂ ਗੱਲਾਂ ਨੂੰ ਰੱਖਿਆ। ਅਧਿਆਪਕਾਂ ਨੇ ਅੰਗਰੇਜ਼ੀ ਵਿੱਚ ਗੱਲਬਾਤ ਕਰਕੇ ਦਰਸਾਇਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਹੈ। ਭਾਸ਼ਾ ਨੂੰ ਬੋਲਣ ਦੇ ਖੁਸ਼ਗਾਵਾਰ ਮਾਹੌਲ ਮਿਲਣ ‘ਤੇ ਸਰਕਾਰੀ ਸਕੂਲਾਂ ਵਿੱਚ ਵੀ ਬਹੁਤ ਕੁਝ ਨਿਵੇਕਲਾ ਕੀਤਾ ਜਾ ਸਕਦਾ ਹੈ।
ਡਾ. ਕੁਲਬੀਰ ਕੌਰ ਜ਼ਿਲ੍ਹਾ ਮੈਂਟਰ ਅੰਗਰੇਜ਼ੀ ਅਧਿਆਪਕਾਂ ਵੱਲੋਂ ਅੰਗਰੇਜ਼ੀ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕੀਤੀ ਗਈ ਜਿਹਨਾਂ ਵਿੱਚ ‘ਮਾਂ ਬੋਲੀ ਪੰਜਾਬੀ ਦੀ ਮਹੱਤਤਾ’, ‘ਮੈਂ ਆਪਣੀ ਰਾਸ਼ਟਰੀ ਭਾਸ਼ਾ ਨੂੰ ਕਿਉਂ ਪਸੰਦ ਕਰਦਾ ਹਾਂ?’, ‘ਅੰਗਰੇਜ਼ੀ ਇੱਕ ਅੰਤਰਰਾਸ਼ਟਰੀ ਭਾਸ਼ਾ’, ਕਲਾਸਰੂਮ ਅੰਦਰ ਆਪਸੀ ਬੋਲਚਾਲ ਦੇ ਕੋਸ਼ਲ਼ਾਂ ਵਿੱਚ ਸੁਧਾਰ ਕਿਵੇਂ ਲਿਆਈਏ?’, ‘ਬੱਚਿਆਂ/ਅਧਿਆਪਕਾਂ ਨੂੰ ਇੰਗਲਿਸ਼ ਬੂਸ਼ਟਰ ਕਲੱਬ ਦਾ ਹਿੱਸਾ ਬਨਣ ਲਈ ਕਿਵੇਂ ਪ੍ਰੇਰਿਤ ਕਰੀਏ?’, ‘ਮਿਸ਼ਨ ਸ਼ਤ-ਪ੍ਰਤੀਸ਼ਤ’, ‘ਆਤਮ ਵਿਸ਼ਵਾਸ਼’ ਆਦਿ ਮਹੱਤਵਪੂਰਨ ਵਿਸ਼ੇ ਰਹੇ। ਅਧਿਆਪਕਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਨੂੰ ਘਰਾਂ ਵਿੱਚ ਅੰਗਰੇਜ਼ੀ ਬੋਲਣ ਦਾ ਮਾਹੌਲ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਤੋਂ ਝਿਜਕਦੇ ਹਨ। ਪਰ ਇੰਗਲਿਸ਼ ਬੂਸਟਰ ਕਲੱਬਾਂ ਦੇ ਗੱਲਬਾਤ ਸੈਸ਼ਨਾਂ ਵਿੱਚ ਉਹ ਇਸ ਮੌਕੇ ਦਾ ਭਰਪੂਰ ਫਾਇਦਾ ਉਠਾ ਰਹੇ ਹਨ। ਬਹੁਤ ਸਾਰੇ ਬੱਚਿਆਂ ਦੇ ਮਾਪੇ ਵੀ ਇਸ ਗੱਲੋਂ ਖ਼ੁਸ਼ ਹਨ ਕਿ ਉਹਨਾਂ ਦਾ ਬੱਚਾ ਸੈਕੰਡਰੀ ਸਕੂਲਾਂ ਵਿੱਚ ਅੰਗਰੇਜ਼ੀ ‘ਚ ਗੱਲਬਾਤ ਕਰਨ ਦੇ ਯੋਗ ਹੋ ਰਿਹਾ ਹੈ।
ਇਸ ਮੀਟਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਕੁਮਾਰ ਖੋਸਲਾ, ਮਨਵਿੰਦਰ ਕੌਰ ਭੁੱਲਰ ਤੇ ਮਧੂ ਬਰੂਆ, ਰਾਜਵੰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਗਗਨਦੀਪ ਕੌਰ ਜ਼ਿਲ੍ਹਾ ਮੈਂਟਰ ਸਾਇੰਸ, ਹਰਸਿਮਰਨਦੀਪ ਸਿੰਘ ਜ਼ਿਲ੍ਹਾ ਮੈਂਟਰ ਗਣਿਤ, ਰਮਨਦੀਪ ਸਿੰਘ ਜ਼ਿਲ੍ਹਾ ਮੈਂਟਰ ਪੰਜਾਬੀ, ਵਰਿੰਦਰ ਕੌਸ਼ਿਕ ਜ਼ਿਲ੍ਹਾ ਮੈਂਟਰ ਹਿੰਦੀ, ਰਣਦੀਪ ਸਿੰਘ ਜ਼ਿਲ੍ਹਾ ਮੈਂਟਰ ਕੰਪਿਊਟਰ, ਸੁਖਦੇਵ ਸਿੰਘ, ਕਵਿਤਾ ਪਰਾਸ਼ਰ, ਸਤੀਸ਼ ਕੁਮਾਰ, ਯਾਦਵਿੰਦਰ ਸਿੰਘ, ਬੂਟੀ ਸੇਠ, ਨਵੀਨ ਖਾਨ, ਬਲਰਾਮ ਕੁਮਾਰ, ਇਕਬਾਲ ਸਿੰਘ, ਗੁਰਪਿਆਰ ਸਿੰਘ, ਸੁਖਮਿੰਦਰ ਸਿੰਘ, ਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਅਜੇ ਸਿੰਘ (ਸਾਰੇ ਬਲਾਕ ਮੈਂਟਰ), 2 ਅੰਗਰੇਜ਼ੀ ਲੈਕਚਰਾਰਾਂ, 2 ਹਿਸਟਰੀ ਲੈਕਚਰਾਰਾਂ, 1 ਲੈਕਚਰਾਰ ਰਾਜਨੀਤੀ ਸ਼ਾਸ਼ਤਰ, 1 ਲੈਕਚਾਰ ਅਰਥਸ਼ਾਸ਼ਤਰ, 5 ਅੰਗਰੇਜ਼ੀ ਮਾਸਟਰ/ਮਿਸਟ੍ਰੈਸ, 5 ਸਸ ਮਾਸਟਰ/ਮਿਸਟ੍ਰੈਸ, 5 ਪੰਜਾਬੀ ਮਾਸਟਰ/ਮਿਸਟ੍ਰੈਸ, 5 ਸਾਇੰਸ ਮਾਸਟਰ/ਮਿਸਟ੍ਰੈਸ, 3 ਗਣਿਤ ਮਾਸਟਰ/ਮਿਸਟ੍ਰੈਸ, 3 ਹਿੰਦੀ ਮਾਸਟਰ/ਮਿਸਟ੍ਰੈਸ, 5 ਈਟੀਟੀ ਅਧਿਆਪਕਾਂ ਨੇ ਪਟਿਆਲਾ ਜ਼ਿਲ੍ਹੇ ਦੀ ਇੰਗਲਿਸ਼ ਬੁਸ਼ਟਰ ਕਲੱਬ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਵਿੱਚ ਭਾਗ ਲਿਆ।
ਤਸਵੀਰ:- ਪੋਸਟਰ

Spread the love