ਐਸ.ਏ.ਐਸ. ਨਗਰ, 26 ਅਗਸਤ 2021
ਤਜਰਬੇਕਾਰ ਪ੍ਰਸ਼ਾਸਨਿਕ ਅਧਿਕਾਰੀ ਗੁਲਾਬ ਸਿੰਘ ਗਿੱਲ ਨੇ ਬੀਤੇ ਦਿਨੀਂ ਡਾਇਰੈਕਟਰ ਬਾਗਬਾਨੀ ਵਜੋਂ ਅਹੁਦਾ ਸੰਭਾਲਿਆ।ਸ੍ਰੀ ਗਿੱਲ ਨੂੰ ਕੁੱਲ 35 ਸਾਲਾਂ ਦਾ ਤਜਰਬਾ ਹਾਸਲ ਹੈ, ਜਿਸ ਵਿੱਚ ਲਗਪਗ 20 ਸਾਲ ਦਾ ਫੀਲਡ ਦਾ ਅਤੇ 15 ਸਾਲਾਂ ਦਾ ਪ੍ਰਸ਼ਾਸਨਿਕ ਤਜਰਬਾ ਸ਼ਾਮਲ ਹੈ।
ਸ੍ਰੀ ਗੁਲਾਬ ਸਿੰਘ ਗਿੱਲ ਦੇ ਚਾਰਜ ਸੰਭਾਲਣ ਮੌਕੇ ਬਾਗਬਾਨੀ ਵਿਭਾਗ ਦੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਖੇਤੀਬਾੜੀ ਟੈਕਨੋਕਰੇਟ ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਮੂਹ ਬਾਗਬਾਨੀ ਸਟਾਫ਼ ਨੂੰ ਰਲ-ਮਿਲ ਕੇ ਕੰਮ ਕਰਨ ਸਬੰਧੀ ਅਪੀਲ ਕੀਤੀ ਤਾਂ ਜੋ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਖੇਤੀ ਵਿਭਿੰਨਤਾ ਜੋ ਅਜੋਕੇ ਸਮੇਂ ਦੀ ਲੋੜ ਹੈ, ਤਹਿਤ ਬਾਗਬਾਨੀ ਫਸਲਾਂ ਅਧੀਨ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ। ਬਾਗਬਾਨੀ ਫਸਲਾਂ ਅਧੀਨ ਰਕਬਾ ਵਧਾਉਣ ਨਾਲ ਜਿੱਥੇ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ, ਉੱਥੇ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਵੀ ਠੱਲ੍ਹ ਪਵੇਗੀ ਕਿਉਂਕਿ ਬਾਗਬਾਨੀ ਫਸਲਾਂ ਰਵਾਇਤੀ ਫਸਲਾਂ ਦੇ ਮੁਕਾਬਲੇ ਘੱਟ ਪਾਣੀ ਲੈਂਦੀਆਂ ਹਨ।