ਹੋਮ ਆਈਸੋਲੇਸ਼ਨ ਦੀ ਸਹੂਲਤ ਸਬੰਧੀ ਨਿਯਮਾਂ ਵਿੱਚ ਦਿੱਤੀ ਗਈ ਢਿੱਲ
ਲੋਕਾਂ ਨੂੰ ਕਰੋਨਾ ਵਾਇਰਸ ਦੇ ਟੈਸਟਾਂ ਸਬੰਧੀ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ
ਤਰਨ ਤਾਰਨ, 30 ਅਗਸਤ:
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਪਾਜ਼ੇਟਿਵ ਵਿਅਕਤੀਆਂ ਨੂੰ ਘਰੇਲੂ ਇਕਾਂਤਵਾਸ ਵਿੱਚ ਰਹਿਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤਹਿਤ ਕਰੋਨਾ ਪਾਜ਼ੇਟਿਵ ਵਿਅਕਤੀ ਆਪਣੇ ਘਰ ਵਿੱਚ ਰਹਿ ਕੇ ਆਪਣਾ ਇਲਾਜ ਕਰਵਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਪਾਜ਼ੇਟਿਵ ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਦੀ ਸਹੂਲਤ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਨਿਯਮਾਂ ਵਿੱਚ ਵੀ ਢਿੱਲ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਪਹਿਲਾਂ ਹੋਮ ਆਈਸੋਲੇਸ਼ਨ ਲਈ ਸਬੰਧਤ ਐੱਸ. ਡੀ. ਐੱਮ. ਤੋਂ ਮਨਜ਼ੂਰੀ ਦੀ ਲੋੜ ਸੀ, ਉਹ ਸ਼ਰਤ ਹੁਣ ਖ਼ਤਮ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਜ਼ੇਟਿਵ ਵਿਅਕਤੀ ਵਿੱਚ ਸ਼ੁਰੂਤਆਤੀ ਲੱਛਣ ਹਨ ਤਾਂ ਉਹ ਹੋਮ ਆਈਸੋਲੇਸ਼ਨ ਦੀ ਸਹੂਲਤ ਲੈ ਸਕਦਾ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਅਤੇ ਕਿਸੇ ਹੋਰ ਬਿਮਾਰੀ ਤੋਂ ਪੀੜਤ ਵਿਅਕਤੀ ਵੀ ਆਪਣੇ ਘਰ ਵਿੱਚ ਰਹਿ ਕੇ ਇਲਾਜ ਕਰਵਾ ਸਕਦਾ ਹੈ ਬਸ਼ਰਤੇ ਕਿ ਉਸਦੀ ਸਥਿਤੀ ਗੰਭੀਰ ਨਾ ਹੋਵੇ। ਉਨ੍ਹਾਂ ਕਿਹਾ ਕਿ ਹੋਮ ਆਈਸੋਲੇਸ਼ਨ ਵਿੱਚ ਕਰੋਨਾ ਪਾਜ਼ੇਟਿਵ ਵਿਅਕਤੀ ਨੂੰ ਸਿਹਤ ਵਿਭਾਗ ਦੇ ਪੋ੍ਰਟੋਕੋਲ ਦੀ ਪੂਰਨ ਰੂਪ ਵਿੱਚ ਪਾਲਣਾ ਕਰਨੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਟੈਸਟਾਂ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਰਾਹੀਂ ਪੇਂਡੂ ਖੇਤਰਾਂ ਅਤੇ ਕਰੋਨਾ ਦੇ ਸੰਭਾਵੀ ਖੇਤਰਾਂ ਵਿੱਚ ਟੈਸਟ ਕਰਨ ਲਈ ਜਾ ਰਹੀਆਂ ਟੀਮਾਂ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਸਭ ਤੋਂ ਅਹਿਮ ਤਰੀਕਾ ਇਸਦਾ ਸ਼ੁਰੂਆਤੀ ਦੌਰ ਵਿੱਚ ਹੀ ਪਤਾ ਲੱਗਣਾ ਹੈ, ਇਸ ਲਈ ਟੈਸਟਿੰਗ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਰੋਨਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਹ ਤੁਰੰਤ ਆਪਣਾ ਟੈਸਟ ਕਰਵਾਏ ਕਿਉਂਕਿ ਇਸ ਦਾ ਸਭ ਤੋਂ ਵੱਡਾ ਖ਼ਤਰਾ ਘਰ ਵਿੱਚ ਮੌਜੂਦ ਬਜ਼ੁਰਗ ਅਤੇ ਗੰਭੀਰ ਬਿਮਾਰੀਆਂ ਨਾਲ ਪੀੜ੍ਹਤ ਵਿਅਕਤੀਆਂ ਨੂੰ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਮਰੀਜ਼ਾਂ ਦੀ ਮੌਤ ਹੋਣ ਦੇ ਮਾਮਲਿਆਂ ਵਿੱਚ ਉਨ੍ਹਾਂ ਦੇ ਅੰਗ ਕੱਢਣ ਦੀਆਂ ਖਬਰਾਂ ਬਿਲਕੁਲ ਨਿਰਆਧਾਰ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਡਾਕਟਰਾਂ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਹਰ ਇੱਕ ਮਰੀਜ਼ ਦੀ ਹਾਲਤ ਉੱਪਰ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਨੂੰ ਕਰੋਨਾ ਵਾਇਰਸ ਦੀ ਮਾਰ ਤੋਂ ਬਚਾਉਣ ਲਈ ਟੈਸਟਿੰਗ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।