ਪ੍ਰਾਪਤੀ ਸਰਵੇਖਣ ਦੀ ਵਿਸ਼ਾਵਾਰ ਮੁਲਾਂਕਣ ਲਈ ਜਿਲ੍ਹਾ ਤਰਨਤਾਰਨ ਵੱਲੋਂ ਤਿਆਰੀਆਂ ਮੁਕੰਮਲ

ਤਰਨ ਤਾਰਨ, 30 ਅਗਸਤ : 
31 ਅਗਸਤ ਤੋਂ ਸਕੂਲ ਸਿੱਖਿਆ ਵਿਭਾਗ ਦੇ ਪੰਜਾਬ ਪ੍ਰਾਪਤੀ ਸਰਵੇਖਣ ਲਈ ਜ਼ਿਲ੍ਹਾ ਤਰਨਤਾਰਨ ‘ਚ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਸਤਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਤਰਨਤਾਰਨ ਅਤੇ ਵਰਿੰਦਰ ਕੁਮਾਰ ਪਰਾਸ਼ਰ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਤਰਨਤਾਰਨ ਨੇ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ‘ਚ ਆਪਣੀ ਸੌ ਫੀਸਦੀ ਕਾਰਗੁਜ਼ਾਰੀ ਦਿਖਾਉਣ ਦੀ ਤਿਆਰੀ ਵਜੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ, ਪੰਜਾਬ ਪ੍ਰਾਪਤੀ ਸਰਵੇਖਣ ਲਈ ਵਿਸ਼ਾਵਾਰ ਆਨਲਾਈਨ ਮੁਲਾਂਕਣ ਭਲਕੇ 31 ਅਗਸਤ ਤੋਂ ਆਰੰਭ ਕੀਤਾ ਜਾ ਰਿਹਾ ਹੈ। ਜਿਸ ਵਿੱਚ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈਣਗੇ।
ਇਸ ਮੁਲਾਂਕਣ ਤਹਿਤ 31 ਅਗਸਤ ਨੂੰ ਪੰਜਾਬੀ, 1 ਸਤੰਬਰ ਨੂੰ ਗਣਿਤ, 2 ਸਤੰਬਰ ਨੂੰ ਵਾਤਾਵਰਣ ਸਿੱਖਿਆ, 3 ਸਤੰਬਰ ਨੂੰ ਅੰਗਰੇਜ਼ੀ, 4 ਸਤੰਬਰ ਨੂੰ ਹਿੰਦੀ ਤੇ 5 ਸਤੰਬਰ ਨੂੰ ਸਮਾਜਿਕ ਸਿੱਖਿਆ ਵਿਸ਼ੇ ਦੀ ਮੁਲਾਂਕਣ ਪ੍ਰਕਿਰਿਆ ‘ਚ ਉਨ੍ਹਾਂ ਦੇ ਜਿਲ੍ਹੇ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀ ਪੂਰੀ ਸਰਗਰਮੀ ਨਾਲ ਹਿੱਸਾ ਲੈਣਗੇ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਟੈਸਟਿੰਗ ਰਾਹੀਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੀ ਤਸਵੀਰ ਸਾਹਮਣੇ ਆਵੇਗੀ।
ਦੱਸਣਯੋਗ ਹੈ ਕਿ ਇਹ ਟੈਸਟਿੰਗ ਪੂਰੀ ਤਰ੍ਹਾਂ ਨੈਸ਼ਨਲ ਅਚੀਵਮੈਂਟ ਸਰਵੇ ਦੇ ਪੈਟਰਨ ‘ਤੇ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਪਰੋਕਤ ਟੈਸਟਿੰਗ ਵਿਦਿਆਰਥੀਆਂ ਲਈ 10 ਜਾਂ 12ਵੀਂ ਜਮਾਤ ਪਾਸ ਕਰਨ ਉਪਰੰਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰੀ ਕਰਵਾਉਣ ‘ਚ ਸਹਾਈ ਸਿੱਧ ਹੋਵੇਗੀ। ਇਸ ਤੋਂ ਪਹਿਲਾ ਸੈਕੰਡਰੀ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਦੀ ਉਪਰੋਕਤ ਸਾਰੇ ਵਿਸ਼ਿਆ ਦਾ ਸਾਂਝਾ ਟੈਸਟ ਹੋ ਚੁੱਕਿਆ ਹੈ, ਜਿਸ ਵਿੱਚ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਪੰਜਾਬ ਅਚੀਵਮੈਂਟ ਸਰਵੇ ਦੀ ਤਿਆਰੀ ਦੇ ਦੂਸਰੇ ਪੜਾਅ ਵਜੋਂ ਛੇ ਵਿਸ਼ਿਆਂ ਦੀ ਵੱਖਰੀ-ਵੱਖਰੀ ਟੈਸਟਿੰਗ ਕੀਤੀ ਜਾ ਰਹੀ ਹੈ। ਜਿਲ੍ਹਾ ਸਿੱਖਿਆ ਅਫਸਰ ਸਾਹਿਬਾਨ ਨੇ ਦੱਸਿਆ ਕਿ ਇਸ ਟੈਸਟਿੰਗ ਸਬੰਧੀ ਸਕੂਲ ਮੁਖੀਆਂ, ਬੀ.ਪੀ.ਈ.ਓਜ਼., ਸੈਂਟਰ ਹੈਡ ਟੀਚਰਜ਼, ਜਿਲ੍ਹਾ ਮੈਂਟਰ, ਬਲਾਕ ਮੈਂਟਰ ਤੇ ਪੜ੍ਹ ਪੰਜਾਬ ਟੀਮ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਬੱਚਿਆਂ ਤੱਕ ਟੈਸਟਿੰਗ ਦੀ ਤਿਆਰੀ ਸਬੰਧੀ ਅਧਿਆਪਕਾਂ ਨੇ ਸਾਰੀ ਸਮੱਗਰੀ ਪੁੱਜਦੀ ਕਰ ਦਿੱਤੀ ਹੈ।
Spread the love