ਝੋਨੇ ਦੀ ਫਸਲ ਨੂੰ ਜ਼ਰੂਰਤ ਤੋਂ ਜ਼ਿਆਦਾ ਅਤੇ ਗੈਰ ਸਿਫਾਰਸ਼ਸ਼ੁਦਾ ਖਾਦਾਂ ਵਰਤਣ ਨਾਲ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ : ਡਾ. ਅਮਰੀਕ ਸਿੰਘ

Sorry, this news is not available in your requested language. Please see here.

ਕੱਦੂ ਵਾਲੇ ਝੋਨੇ ਦੀ ਫਸਲ ਨੂੰ ਸਿਫਾਰਸ਼ਾਂ ਮੁਤਾਬਕ ਹੀ ਰਸਾਇਣਕ ਖਾਦਾਂ ਵਰਤਣ ਦੀ ਅਪੀਲ।
ਪਠਾਨਕੋਟ 30 ਜੂਨ 2021 ਝੋਨੇ ਅਤੇ ਬਾਸਮਤੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ ਕਿਉਂਕਿ ਵੱਡੇ ਖੁਰਾਕੀ ਤੱਤਾਂ ( ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਦੇ ਨਾਲ-ਨਾਲ ਛੋਟੇ ਖੁਰਾਕੀ ਤੱਤ (ਫੈਰਿਸ ਸਲਫੇਟ, ਜਿੰਕ ਸਲਫੇਟ) ਵੀ ਅਹਿਮ ਭੁਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਣਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ। ਇਹ ਵਿਚਾਰ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਪਿੰਡ ਤੰਗੋਸ਼ਾਹ ਵਿੱਚ ਉੱਦਮੀ ਕਿਸਾਨ ਜਗੀਰ ਸਿੰਘ ਦੇ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀਆਂ ਦਿੰਦਿਆਂ ਕਹੇ।ਉਨਾਂ ਦੇ ਨਾਲ ਇਸ ਮੌਕੇ ਸ਼੍ਰੀ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਬਲਵਿੰਦਰ ਕੁਮਾਰ,ਮਨਦੀਪ ਕੁਮਾਰ ਹੰਸ ਸਹਾਇਕ ਤਕਨਾਲੌਜੀ ਪ੍ਰਬੰਧਕ(ਆਤਮਾ) ਵੀ ਹਾਜ਼ਰ ਸਨ।
ਝੋਨੇ ਦੀ ਫਸਲ ਵਿੱਚ ਖਾਦਾਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਵਿੱਚ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਸਿਫਾਰਸ਼ਾਂ ਮੁਤਾਬਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਝੋਨੇ ਦੀ ਫਸਲ ਉੱਪਰ ਆਉਣ ਵਾਲੇ ਖੇਤੀ ਲਾਗਤ ਖਰਚੇ ਘਟਾ ਕੇ ਵੱਧ ਆਮਦਨ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਸਿਫਾਰਸ਼ਾਂ ਅਨੁਸਾਰ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਨਾਲ ਝੋਨੇ ਦੀ ਫਸਲ ੳੁੱਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਘੱਟ ਹੂੰਦਾ ਹੈ, ਜਿਸ ਕਾਰਨ ਖੇਤੀ ਲਾਗਤ ਖਰਚੇ ਘਟਦੇ ਹਨ ਅਤੇ ਸ਼ੁੱਧ ਆਮਦਨ ਵਿੱਚ ਇਜ਼ਾਫਾ ਹੂੰਦਾ ਹੈ।ਉਨਾਂ ਕਿਹਾ ਕਿ ਆਮ ਕਰਕੇ ਕਣਕ ਦੀ ਫਸਲ ਨੂੰ 55 ਕਿਲੋ ਡੀ ਏ ਪੀ ਖਾਦ ਬਿਜਾਈ ਸਮੇਂ ਪਾਈ ਗਈ ਹੈ ਤਾਂ ਇਸ ਵਕਤ ਝੋਨੇ ਦੀ ਫਸਲ ਨੂੰ ਡਾਇਆ ਜਾਂ ਸੁਪਰ ਫਾਸਫੇਟ ਖਾਦ ਪਾਉਣ ਦੀ ਜ਼ਰੂਰਤ ਨਹੀਂ ਉਨਾਂ ਕਿਹਾ ਕਿ ਬਲਾਕ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਦੀ ਮਿੱਟੀ ਪਰਖ ਕਰਕੇ ਇਹ ਤੱਥ ਸਾਹਮਣੇ ਆਏ ਹਨ ਕਿ ਮਿੱਟੀ ਵਿੱਚ ਫਾਸਫੋਰਸ ਖੁਰਾਕੀ ਤੱਤ ਬਹੁਤਾਤ ਵਿੱਚ ਮੌਜੂਦ ਹਨ ਜਦ ਕਿ ਪੋਟਾਸ਼ ਦੀ ਘਾਟ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਵੱਲੋਂ ਦੇਖਾ ਦੇਖੀ ਗੈਰ ਜ਼ਰੂਰੀ ਖੇਤੀ ਸਮੱਗਰੀ ਦੀ ਵਰਤੋਂ ਝੋਨੇ ਦੀ ਫਸਲ ਵਿੱਚ ਕੀਤੀ ਜਾ ਰਹੀ ਹੈ ਜਿਸ ਨਾਲ ਖੇਤੀ ਲਾਗਤ ਖਰਚੇ ਵਧਦੇ ਹਨ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ 90 ਕਿਲੋ ਨਿੰਮ ਲਿਪਤ ਯੂਰੀਆ ਖਾਦ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣੀ ਚਾਹੀਦੀ ਹੈ।ਉਨਾਂ ਕਿਹਾ ਕਿ ਪਹਿਲੀ ਕਿਸ਼ਤ ਲਵਾਈ ਤੋਂ 7 ਦਿਨ ਬਾਅਦ,ਦੂਜੀ ਕਿਸ਼ਤ ਲਵਾਈ ਤੋਂ 21 ਦਿਨਾਂ ਬਾਅਦ ਅਤੇ ਤੀਜੀ ਕਿਸ਼ਤ ਪੀ ਆਰ 126 ੳਤੇ 124 ਨੂੰ ਲਵਾਈ ਤੋਂ 35 ਦਿਨਾਂਬਾਅਦ ਅਤੇ ਬਾਕੀ ਕਿਸਮਾਂ ਨੂੰ ਲਵਾਈ ਤੋਂ 42 ਦਿਨਾਂ ਬਾਅਦ ਪਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਦੂਜੀ ਅਤੇ ਤੀਜੀ ਕਿਸ਼ਤ ਉਸ ਸਮੇਂ ਪਾਉ ਜਦੋਂ ਖੇਤਾਂ ਵਿੱਚ ਪਾਣੀ ਖੜਾ ਨਾਂ ਹੋਵੇ ਅਤੇ ਪਾਣੀ ਖਾਦ ਪਾਉਣ ਤੋਂ ਬਾਅਦ ਤੀਜੇ ਦਿਨ ਲਾਉਣਾ ਚਾਹੀਦਾ।ਉਨਾਂ ਕਿਹਾ ਕਿ ਸਿੱਧੀ ਬਿਜਾਈ ਕੀਤੇ ਝੋਨੇ ਦੀ ਫਸਲ ਨੂੰ 135 ਕਿਲੋ ਯੂਰੀਆ ਤਿੰਨ ਬਰਾਬਰ ਕਿਸਤਾਂ,ਪਹਿਲੀ ਬਿਜਾਈ ਤੋਂ 4 ਹਫਤੇ ਬਾਅਦ,ਦੂਜੀ 6 ਹਫਤੇ ਬਾਅਦ ਅਤੇ ਤਜਿੀ ਬਿਜਾਈ ਤੋਂ 9 ਹਫਤੇ ਬਾਅਦ ਪਾਉਣੀ ਚਾਹੀਦੀ ਹੈ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

Spread the love