ਲੁਧਿਆਣਾ, 22 ਜੁਲਾਈ 2021 ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋ 19 ਜੁਲਾਈ ਤੋ 2 ਅਗਸਤ, 2021 ਤੱਕ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨਾ ਦੱਸਿਆ ਕਿ ਦਸਤ ਕਾਰਨ ਸਰੀਰ ਵਿਚ ਪਾਣੀ ਅਤੇ ਜਰੂਰੀ ਤੱਤਾਂ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਸਰੀਰ ਕਮਜ਼ੋਰ ਹੋ ਜਾਂਦਾ ਹੇ। ਜੇਕਰ ਸਮੇ ਸਿਰ ਇਲਾਜ਼ ਨਾ ਕੀਤਾ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ।
ਇਸ ਸਬੰਧੀ ਵਿਸ਼ੇਸ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪੁਨੀਤ ਜੁਨੇਜਾ ਨੇ ਦੱਸਿਆ ਕਿ ਸਾਨੂੰ ਸਾਫ਼ ਪੀਣ ਵਾਲੇ ਪਾਣੀ ਦੀ ਵਰਤੋ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਪਾਣੀ ਚੰਗੀ ਤਰ੍ਹਾ ਉਬਾਲ ਲਿਆ ਜਾਵੇ। ਇਸ ਤੋਂ ਇਲਾਵਾ ਅਣਢੱਕੀਆਂ ਵਸਤਾਂ ਦੀ ਵਰਤੋ ਨਾ ਕੀਤੀ ਜਾਵੇ, ਹੱਥਾਂ ਦੀ ਸਫਾਈ ਰੱਖੀ ਜਾਵੇ, ਸਿਰਫ ਘਰਾਂ ਦੀਆ ਬਣੀਆਂ ਵਸਤਾਂ ਦੀ ਹੀ ਵਰਤੋਂ ਕੀਤੀ ਜਾਵੇ।
ਉਨ੍ਹਾਂ ਬੱਚਿਆਂ ਲਈ ਖਾਸ ਕਰਕੇ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਤ ਉਲਟੀ ਆਉਣ ਤੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ, ਓ.ਆਰ.ਐਸ. ਅਤੇ ਜਿੰਕ ਦੀ ਵਰਤੋ ਕੀਤੀ ਜਾਵੇ। ਉਨਾਂ ਦੱਸਿਆ ਕਿ ਆਸ਼ਾ ਵਰਕਰਾਂ ਵਲੋ ਲੋੜਬੰਦਾਂ ਨੂੰ ਓ.ਆਰ.ਐਸ. ਅਤੇ ਜਿੰਕ ਦਿੱਤਾ ਜਾ ਰਿਹਾ ਹੈ ਅਤੇ ਹਰੇਕ ਸਰਕਾਰੀ ਸਿਹਤ ਸੰਸਥਾ ਵਿਚ ਵੱਖਰੇ ਕਾਰਨਰ ਬਣਾਏ ਗਏ ਹਨ।
ਡਾ.ਆਹਲੂਵਾਲੀਆ ਨੇ ਦੱਸਿਆ ਕਿ ਬਾਰਿਸ਼ ਦੇ ਮੌਸਮ ਵਿਚ ਨਿੱਜੀ ਅਤੇ ਆਲੇ ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ, ਦਸਤ ਹੋਣ ‘ਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਉਨਾ ਦੱਸਿਆ ਕਿ ਸਿਹਤ ਵਿਭਾਗ ਵਲੋ ਬਰਸਾਤੀ ਮੌਸਮ ਵਿਚ ਹੋਣ ਵਾਲੀਆ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।