ਮਾਪਿਆਂ ਦਾ `ਹਾਂ` ਪੱਖੀ ਹੁੰਗਾਰਾ ਵਧਾ ਰਿਹਾ ਅਧਿਆਪਕਾਂ ਦਾ ਹੌਂਸਲਾ
ਘਰ ਘਰ ਜਾ ਕੇ ਮਾਪਿਆਂ ਨੂੰ ਕਰ ਰਹੇ ਹਨ ਪ੍ਰੇਰਿਤ
ਤਰਨਤਾਰਨ, 04 ਅਪ੍ਰੈਲ :
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਲਈ ਸਿੱਖਿਆ ਵਿਭਾਗ ਦੇ ਹਰ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਵੱਲੋਂ ਦਾਖ਼ਲਾ ਮੁਹਿੰਮ “ਈਚ ਵੰਨ ਬਰਿੰਗ ਵੰਨ ” ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ਜਿਸ ਨਾਲ ਦਾਖ਼ਲਾ ਮੁਹਿੰਮ ਨੇ ਤੇਜ਼ੀ ਫੜ੍ਹ ਲਈ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਸੁਸ਼ੀਲ ਕੁਮਾਰ ਤੁਲੀ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਸ਼੍ਰੀ ਸਤਿਨਾਮ ਸਿੰਘ ਬਾਠ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਵਰ੍ਹੇ ਦੌਰਾਨ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ 17% ਵਾਧਾ ਹੋਇਆ ਸੀ ਅਤੇ ਇਸ ਵਾਰ ਉਕਤ ਅੰਕੜੇ ਨੂੰ ਹੋਰ ਅੱਗੇ ਲਿਜਾਣ ਲਈ ਵਿਭਾਗ ਦਾ ਹਰ ਮੁਲਾਜ਼ਮ ਯਤਨਸ਼ੀਲ ਹੈ।
ਡੀਈਓ ਸੈਕੰਡਰੀ ਤਰਨਤਾਰਨ ਨੇ ਇਸ ਮੌਕੇ ਕਿਹਾ ਕਿ ਅਧਿਆਪਕਾਂ ਦੁਆਰਾ ਵਿਭਾਗ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪੈਮਫਲੈੱਟਸ ਰਾਹੀਂ ਪਹੁੰਚਾਈਆਂ ਜਾ ਰਹੀਆਂ ਹਨ।ਡੀਈਓ ਐਲੀਮੈਂਟਰੀ ਨੇ ਦੱਸਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਮਾਪਿਆਂ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਸ਼੍ਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਦਾਖ਼ਲਾ ਮੁਹਿੰਮ ਲਈ ਸਮਾਜ ਵਿੱਚ ਜਾਗਰੂਕਤਾ ਲਿਆਉਣ ਲਈ ਜ਼ਿਲ੍ਹੇ ਦੀਆਂ ਪ੍ਰਾਇਮਰੀ ਅਤੇ ਸੈਕੰਡਰੀ ਲੈੱਵਲ ਤੇ ਸਵੈ-ਇੱਛਾ ਨਾਲ ਬਣੀਆਂ ਨੁੱਕੜ ਨਾਟਕ ਟੀਮਾਂ ਰਾਹੀਂ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਉਹਨਾਂ ਦੱਸਿਆ ਕਿ ਉਹ ਖੁਦ ਦਾਖ਼ਲਾ ਮੁਹਿੰਮ ਤਹਿਤ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਮੋਹਤਬਰ ਸ਼ਖ਼ਸੀਅਤਾਂ ਅਤੇ ਮਾਪਿਆਂ ਨਾਲ ਰਾਬਤਾ ਬਣਾ ਰਹੇ ਹਨ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਸਰਗਰਮੀਆਂ ਲੋਕਾਂ ਤੱਕ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੀ ਨੁਹਾਰ ਉੱਚ ਮਿਆਰੀ ਸਕੂਲਾਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਜਿੱਥੇ ਸਰਕਾਰੀ ਸਕੂਲ ਹੁਣ ਸਮਾਰਟ ਬਣ ਰਹੇ ਹਨ, ਉੱਥੇ ਪਿਛਲੇ ਸੈਸ਼ਨ ਦੌਰਾਨ ਵਿਦਿਆਰਥੀ ਦਾਖਲਿਆਂ ਸਮੇਂ ਸਕੂਲਾਂ ਦੀ ਤਾਲਾਬੰਦੀ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਹੋਏ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਵਾਧੇ ਨੂੰ ਇਸ ਵਾਰ ਸਰਕਾਰੀ ਸਕੂਲ ਹੋਰ ਵੀ ਵਿਸਤਾਰ ਦੇਣ ਲਈ ਲਗਾਤਾਰ ਯਤਨਸ਼ੀਲ ਹਨ।
ਜ਼ਿਲ੍ਹਾ ਮੀਡੀਆ ਕੋ-ਆਰਡੀਨੇਟਰ ਤਰਨਤਾਰਨ ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਅਧਿਕਾਰੀਆਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਪੂਰੇ ਜੋਸ਼ ਅਤੇ ਵਿਸ਼ਵਾਸ ਨਾਲ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕ ਸਕੂਲ ਸਮੇਂ ਦੇ ਨਾਲ ਨਾਲ ਸਵੇਰੇ ਅਤੇ ਸ਼ਾਮ ਦੇ ਸਮੇਂ ਵੀ ਘਰਾਂ ਵਿੱਚ ਜਾ ਕੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਪ੍ਰੇਰਿਤ ਕਰਦੇ ਵੇਖੇ ਜਾ ਰਹੇ ਹਨ। ਤਕਰੀਬਨ ਸਾਰੇ ਹੀ ਸਕੂਲਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਉਪਲਬਧ ਸਹੂਲਤਾਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦਰਸਾਉਂਦੇ ਫਲੈਕਸ ਹੋਰਡਿੰਗਜ ਤਿਆਰ ਕਰਵਾਏ ਜਾ ਰਹੇ ਹਨ। ਅਧਿਆਪਕ ਖੁਦ ਇਹ ਫਲੈਕਸ ਜਨਤਕ ਥਾਵਾਂ ਤੇ ਲਾਉਣ ਵਿੱਚ ਮਸਰੂਫ ਨਜ਼ਰ ਆ ਰਹੇ ਹਨ।
ਜ਼ਿਲ੍ਹਾ ਮੈਂਟਰ ਅੰਗਰੇਜ਼ੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇੰਗਲਿਸ਼ ਬੂਸਟਰ ਕਲੱਬ ਜ਼ਰੀਏ ਫਰਾਟੇਦਾਰ ਅੰਗਰੇਜ਼ੀ ਬੋਲਣਾ ਸਿੱਖ ਰਹੇ ਬੱਚੇ ਵੀ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਸਬੰਧੀ ਪ੍ਰੇਰਦੇ ਨਜ਼ਰ ਆ ਰਹੇ ਹਨ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਾਡਾ ਮਨੋਰਥ ਹਰ ਬੱਚੇ ਨੂੰ ਬਿਨਾਂ ਕਿਸੇ ਖਰਚੇ ਦੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ। ਸਿੱਖਿਆ ਅਧਿਕਾਰੀ ਨੇ ਮਾਪਿਆਂ ਨੂੰ ਬੇਲੋੜੇ ਖਰਚੇ ਘਟਾਉਣ ਲਈ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚੇ ਦੀ ਇੱਛਾ ਅਨੁਸਾਰ ਅੰਗਰੇਜ਼ੀ ਮਾਧਿਅਮ ਉਪਲਬਧ ਕਰਵਾਇਆ ਗਿਆ ਹੈ ਉੱਥੇ ਹੀ ਇੰਗਲਿਸ਼ ਬੂਸਟਰ ਕਲੱਬਾਂ ਅਧੀਨ ਬੱਚਿਆਂ ਦੀ ਅੰਗਰੇਜ਼ੀ ਬੋਲਣ ਦੀ ਝਿਜਕ ਦੂਰ ਕਰਕੇ ਉਹਨਾਂ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਣ ਦੇ ਸਮਰੱਥ ਬਣਾਇਆ ਜਾ ਰਿਹਾ ਹੈ।
ਡੀਈਓ ਸਾਹਿਬਾਨ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਲਈ ਪ੍ਰੇਰਿਤ ਭਾਸ਼ਣਾ ਦੇ ਨਾਲ ਨਾਲ ਸਵਾਗਤ ਜ਼ਿੰਦਗੀ ਨਾਂ ਦਾ ਨਵਾਂ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੇ ਘਰ ਬੈਠੇ ਸਿੱਖਿਆ ਮੁਹਿੰਮ ਹੇਠ ਸਿਲੇਬਸ ਨਾਲ ਸਬੰਧਤ ਆਨਲਾਈਨ ਸਲਾਈਡਾਂ ਰਾਹੀਂ ਕੰਮ ਭੇਜਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਣ ਲਈ ਮਾਪੇ ਵੱਡੇ ਪੱਧਰ ਤੇ ਸਰਕਾਰੀ ਸਕੂਲਾਂ ਤੱਕ ਪਹੁੰਚ ਕਰ ਰਹੇ ਹਨ।