ਕੋਵਿਡ ਬਿਮਾਰੀ ਦੇ ਫੈਲਾਅ ਨੂੰ ਰੋਕਣ, ਟੈਸਟਿੰਗ ਕਰਾਉਣ ਅਤੇ ਵੈਕਸੀਨ ਲਗਾਉਣ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ
ਗੁਰਦਾਸਪੁਰ, 19 ਮਈ , 2021( ) ਪੇਂਡੂ ਖੇਤਰ ਵਿਚ ਦਿਨੋ ਦਿਨ ਵੱਧ ਰਹੀ ਕੋਰੋਨਾ ਬਿਮਾਰੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਨੇ ਕਮਰਕੱਸ ਲਈ ਹੈ ਅਤੇ ਅੱਜ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤੇ ਜਾਣ ਵਾਲੇ ਕੰਮ ਦੀ ਵਿਆਪਕ ਰੂਪ ਵਿਚ ਤਿਆਰੀ ਕੀਤੀ ਗਈ ਹੈ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸਮੂਹ ਸਬ ਡਵੀਜ਼ਨਲ ਮੈਜਿਸਟਰੇਟ, ਸਿਵਲ ਸਰਜਨ ਸਮੇਤ ਸਬੰਧਤ ਅਧਿਕਾਰੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਡੂ ਖੇਤਰ ਵਿਚ ਕੋਰੋਨਾ ਬਿਮਾਰੀ ਵਿਰੁੱਧ ਵਿਧਾਨ ਸਭਾ ਵਾਈਜ ਮੁਹਿੰਮ ਵਿੱਢੀ ਜਾਵੇਗੀ, ਜਿਸ ਵਿਚ ਸਾਰੇ ਵਿਭਾਗਾਂ ਦੀ ਸੇਵਾਵਾਂ ਲਈਆਂ ਜਾਣਗੀਆਂ। ਉਨਾਂ ਦੱਸਿਆ ਕਿ ਪਿੰਡ ਦੇ ਸਰਪੰਚ ਤੇ ਬੀ.ਐਲ.ਓਜ਼ ਵਲੋਂ ਮਿਲਕੇ ਪਿੰਡ ਵਾਈਜ਼ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਬਣਾਈ ਜਾਵੇਗੀ , ਜਿਸ ਵਲੋਂ ਪਿੰਡ ਵਿਚ ਕੋਰੋਨਾ ਬਿਮਾਰੀ ਦੇ ਲੱਛਣ ਵਾਲੇ ਵਿਅਕਤੀਆਂ ਦਾ ਚੈੱਕਅੱਪ ਕੀਤਾ ਜਾਵੇਗਾ, ਟੈਸਟਿੰਗ ਕਰਵਾਈ ਜਾਵੇਗੀ , ਘਰ ਵਿਚ ਏਕਾਂਤਵਾਸ ਅਤੇ ਵੈਕਸੀਨ ਲਗਾਉਣ ਦੇ ਕੰਮ ਨੂੰ ਪੂਰਾ ਕਰੇਗੀ। ਇਸ ਕਾਰਜ ਦੀ ਨਿਗਰਾਨੀ ਸੈਕਟਰ ਮੈਜਿਸਟਰੇਟ ਕਰਨਗੇ ਅਤੇ ਸਬ ਡਵੀਜ਼ਨਲ ਮੈਜਿਸਟਰੇਟ ਸਮੁੱਚੇ ਕੰਮਕਾਜ ਨੇਪਰੇ ਚਾੜ੍ਹਣ ਲਈ ਪਾਬੰਦ ਹੋਣਗੇ।
ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੈਲਥ ਐਂਡ ਵੈੱਲਨੈੱਸ ਸੈਂਟਰ ਨੂੰ ਹੋਰ ਤੇਜ਼ੀ ਨਾਲ ਕਾਰਜਸ਼ੀਲ ਬਣਾਉਣ ਅਤੇ ਕਮਿਊਨਿਟੀ ਹੈਲਥ ਅਫਸਰ ਇਕ ਯੂਨਿਟ ਦੇ ਤੋਰ ਤੇ ਕੰਮ ਕਰੇ। ਇਸ ਕਾਰਜ ਲਈ ਬੀਡੀਪੀ.ਓ. ਸੀ.ਡੀ.ਪੀ.ਓ., ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਦੀ ਸ਼ਮੂਲੀਅਤ ਹੋਵੇਗੀ, ਜਿਸ ਸਬੰਧੀ ਉਨਾਂ ਅਧਿਕਾਰੀਆਂ ਨੂੰ ਵਿਸਥਾਰ ਵਿਚ ਰਿਪੋਰਟ ਕਰਨ ਲਈ ਕਿਹਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਿੰਡਾਂ ਵਿਚ ਜਿੰਨੀ ਤੇਜ਼ੀ ਨਾਲ ਕੋਰੋਨਾ ਟੈਸਟਿੰਗ ਹੋਵੇਗੀ, ਉਨੀ ਜਲਦੀ ਪੀੜਤ ਦੀ ਪਹਿਚਾਣ ਕਰਕੇ ਉਸਦਾ ਇਲਾਜ ਤੇ ਏਕਾਂਵਾਸ ਕੀਤਾ ਜਾ ਸਕੇਗਾ। ਉਨਾਂ ਪਿੰਡ ਵਾਸੀਆਂ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਵਿਰੁੱਧ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਤਾਂ ਜੋ ਸਮੂਹਿਕ ਸਹਿਯੋਗ ਨਾਲ ਇਸ ਵਿਰੁੱਧ ਫਤਿਹ ਹਾਸਲ ਕੀਤੀ ਜਾ ਸਕੇ।
ਇਸ ਮੌਕੇ ਕੋੋਰੋਨਾ ਟੈਸਟਿੰਗ ਦੀ ਗੱਲ ਕਰਦਿਆਂ ਉਨਾਂ ਸਬ ਡਵੀਜ਼ਨਲ ਮੈਜਿਸਟਰੇਟਾਂ ਨੂੰ ਕਿਹਾ ਕਿ ਉਹ ਰੇਹੜੀਆਂ ਤੇ ਦੁਕਾਨਾਂ ਵਾਲਿਆਂ ਦੀ ਟੈਸਟਿੰਗ ਕਰਨ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਤਾਂ ਜੋ ਵੱਧ ਤੋਂ ਵੱਧ ਟੈਸਟਿੰਗ ਕਰਨ ਨਾਲ ਪੀੜਤਾਂ ਦੀ ਸ਼ਨਾਖਤ ਹੋਣ ਨਾਲ ਬਿਮਾਰੀ ਦੇ ਫੈਲਾਅ ਨੂੰ ਰੋਕਿਆਂ ਜਾ ਸਕੇ। ਇਸ ਮਕਸਦ ਲਈ ਜਿਲੇ ਅੰਦਰ 33 ਟੀਮਾਂ ਗਠਿਤ ਕੀਤੀਆਂ ਗਈਆਂ ਹਨ।