-ਨੌਜਵਾਨਾਂ ਨੂੰ ਸ਼ਖਸੀਅਤ ਉਸਾਰੀ ਤੇ ਇੰਟਰਵਿਊ ਪਾਸ ਕਰਨ ਦੇ ਦੱਸੇ ਜਾਣਗੇ ਗੁਰ
ਪਟਿਆਲਾ, 28 ਜੂਨ :-
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਸ਼ਖਸੀਅਤ ਉਸਾਰੀ ਤੇ ਇੰਟਰਵਿਊ ਪਾਸ ਕਰਨ ਦੇ ਗੁਰ ਸਿਖਾਉਣ ਲਈ ਇੱਕ ਵਿਸ਼ੇਸ਼ ਵੈਬੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਰੋਜ਼ਗਾਰ ਅਤੇ ਕੈਰੀਅਰ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਅਤੇ ਸਲਾਹ ਦੇਣ ਲਈ ਵੱਖ-ਵੱਖ ਖੇਤਰਾਂ ਅਤੇ ਉਦਯੋਗਾਂ ਦੇ ਮਾਹਿਰਾਂ ਦੇ ਸਹਿਯੋਗ ਨਾਲ ਬਿਊਰੋ ਵੱਲੋਂ ਕੈਰੀਅਰ ਟਾਕ ਹਰੇਕ ਪੰਦਰਵਾੜੇ ‘ਤੇ ਆਯੋਜਿਤ ਕਰਵਾਇਆ ਜਾਂਦਾ ਹੈ।
ਇਸੇ ਲੜੀ ਤਹਿਤ ਬਿਊਰੋ ਵੱਲੋਂ 30 ਜੂਨ ਨੂੰ ਸਵੇਰੇ 11 ਵਜੇ ਸ਼ਖਸੀਅਤ ਉਸਾਰੀ ਅਤੇ ‘ਇੰਟਰਵਿਊ ਪਾਸ ਕਰਨ ਦੇ ਗੁਰ’ ਵਿਸ਼ੇ ‘ਤੇ ਕੈਰੀਅਰ ਟਾਕ ਵੈਬੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਸ੍ਰੀ ਵਿਵੇਕ (ਸਾਬਕਾ ਆਈ.ਏ.ਐਸ), ਮੋਟੀਵੇਸ਼ਨਲ ਸਪੀਕਰ, ਲੇਖਕ ਅਤੇ ਸਲਾਹਕਾਰ ਵੱਲੋਂ ਨੌਜਵਾਨਾਂ ਦਾ ਮਾਰਗਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੈਬੀਨਾਰ ਵਿਚ ਕਿਸੇ ਵੀ ਇੰਟਰਵਿਊ ਨੂੰ ਪਾਸ ਕਰਨ ਲਈ ਸੁਝਾਅ ਮਾਹਰ ਪਾਸੋਂ ਪ੍ਰਾਪਤ ਕੀਤੇ ਜਾ ਸਕਦੇ ਹਨ, ਜੋ ਕਿ ਪ੍ਰਾਰਥੀਆਂ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਿਖੇ ਮਿਤੀ 30 ਜੂਨ 2022 ਨੂੰ ਸਵੇਰੇ 10:30 ਵਜੇ ਚਾਹਵਾਨ ਪ੍ਰਾਰਥੀ ਇਸ ਵੈਬੀਨਾਰ ਨੂੰ ਜੁਆਇਨ ਕਰ ਸਕਦੇ ਹਨ।