ਰੂਪਨਗਰ, 11 ਅਕਤੂਬਰ: 2022
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੌਜੂਦਾ ਨਮੀ ਅਤੇ ਬਾਰਿਸ਼ ਦੇ ਮੌਸਮ ਕਰਕੇ ਮੱਛਰਾਂ ਦੀ ਤਾਦਾਦ ਵਿੱਚ ਵਾਧੇ ਦੇ ਆਸਾਰ ਹੋਣ ਕਾਰਨ ਡੇਂਗੂ ਬੁਖ਼ਾਰ ਦੇ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ, ਇਸ ਲਈ ਸਿਹਤ ਵਿਭਾਗ ਨੂੰ ਹਰ ਬੁਖ਼ਾਰ ਨੂੰ ਸ਼ੱਕੀ ਕੇਸ ਮੰਨਦੇ ਹੋਏ ਡੇਂਗੂ ਦਾ ਟੈਸਟ ਲਾਜ਼ਮੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਇਸ ਤੋਂ ਇਲਾਵਾ ਕੁਝ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿਚ ਲਗਾਤਾਰ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਨੇ ਡੇਂਗੂ ਦਾ ਲਾਰਵਾ ਮਿਲਣ ‘ਤੇ ਚਲਾਨ ਕੱਟੇ ਜਾਣ ਦੀ ਵੀ ਹਦਾਇਤ ਜਾਰੀ ਕੀਤੀ ਹੈ।
ਡਾ. ਪ੍ਰੀਤੀ ਯਾਦਵ ਨੇ ਡੇਂਗੂ ਬਿਮਾਰੀ ਦੀ ਸਮੀਖਿਆ ਕਰਨ ਲਈ ਹਦਾਇਤ ਕੀਤੀ ਕਿ ਜਿਹੜੇ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ, ਉਸਦਾ ਚਲਾਨ ਜਰੂਰ ਕੱਟਿਆ ਜਾਵੇ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਡੇਂਗੂ ਬਿਮਾਰੀ ਤੋਂ ਬਚਾਅ ਲਈ ਡੇਂਗੂ ਲਾਰਵੇ ਦੀ ਚੈਕਿੰਗ ਤੇਜ਼ ਕਰਨ, ਫਾਗਿੰਗ ਕਰਨ ਅਤੇ ਲੋਕਾਂ ਨੂੰ ਇਸ ਬਾਬਤ ਜਾਗਰੂਕ ਕਰਨ ਲਈ ਮੁਹਿੰਮ ਤੇਜ਼ ਕਰਨ ਦੀ ਹਦਾਇਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰੀ ਸਿਵਲ ਹਸਪਤਾਲ ਰੂਪਨਗਰ ਵਿਖੇ ਡੇਂਗੂ ਦੇ ਟੈਸਟ ਮੁਫ਼ਤ ਹੁੰਦੇ ਹਨ ਅਤੇ ਬਾਕੀ ਸਰਕਾਰੀ ਹਸਪਤਾਲਾਂ ਵਿੱਚ ਸੈਂਪਲ ਭਰਕੇ ਰਿਪੋਰਟ ਇਨ੍ਹਾਂ ਹਸਪਤਾਲਾਂ ਤੋਂ ਕਰਵਾਈ ਜਾਂਦੀ ਹੈ, ਇਸ ਲਈ ਲੋਕ ਅਣਗਹਿਲੀ ਨਾ ਕਰਨ ਅਤੇ ਬੁਖ਼ਾਰ ਹੋਣ ਦੀ ਸੂਰਤ ਵਿੱਚ ਤੁਰੰਤ ਟੈਸਟ ਕਰਵਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਮੱਛਰ ਦੀ ਪੈਦਾਵਾਰ ਪੰਚਾਇਤਾਂ, ਸਥਾਨਕ ਸਰਕਾਰਾਂ, ਸਿਹਤ ਵਿਭਾਗ ਅਤੇ ਆਮ ਲੋਕਾਂ ਦੇ ਸਾਂਝੇ ਹੰਭਲੇ ਨਾਲ ਹੀ ਰੋਕੀ ਜਾ ਸਕਦੀ ਹੈ, ਇਸ ਲਈ ਆਮ ਲੋਕ ਆਪਣੇ ਘਰਾਂ ਦੇ ਅੰਦਰ ਅਤੇ ਆਲੇ ਦੁਆਲੇ ਖੜ੍ਹੇ ਪਾਣੀ ਅਤੇ ਡੇਂਗੂ ਮੱਛਰ ਦੀ ਪੈਦਾਇਸ਼ ਦੇ ਸਰੋਤ ਨੂੰ ਤੁਰੰਤ ਖ਼ਤਮ ਕਰਨ।
ਇਸ ਤੋਂ ਬਿਨ੍ਹਾਂ ਆਪਣੇ ਘਰਾਂ ਦੇ ਅੰਦਰ ਸਾਫ਼ ਪਾਣੀ ਨਾ ਖੜ੍ਹਾ ਹੋਣ ਦਿੱਤਾ। ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਤਹਿਤ ਹਫ਼ਤੇ ‘ਚ ਇੱਕ ਦਿਨ ਜਾਂ ਹਰ ਸ਼ੁੱਕਰਵਾਰ ਨੂੰ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਜਾਵੇ ਤੇ ਡੇਂਗੂ ਮੱਛਰ ਐਡੀਜ ਦੀ ਪੈਦਾਵਾਰ ਰੋਕੀ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੂਰੀਆਂ ਬਾਹਵਾਂ ਦੀਆਂ ਕਮੀਜਾਂ ਪੁਆਈਆਂ ਜਾਣ ਅਤੇ ਦਿਨ ਸਮੇਂ ਮੱਛਰ ਦੇ ਕੱਟਣ ਤੋਂ ਬਚਾਅ ਰੱਖਿਆ ਜਾਵੇ।