ਫ਼ਾਜ਼ਿਲਕਾ 20 ਅਕਤੂਬਰ 2021
ਮੁੱਖ ਖੇਤੀਬਾਡ਼ੀ ਅਫਸਰ ਫਾਜ਼ਿਲਕਾ ਸ. ਹਰਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਬਲਾਕ ਜਲਾਲਾਬਾਦ ਦੇ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਦੇਸ਼ ਦਾ ਭਵਿੱਖ ਬਣਨ ਵਾਲੇ ਬੱਚਿਆਂ ਨੂੰ ਅਜਿਹੀਆਂ ਸਮੱਸਿਆਵਾਂ ਸੰਬੰਧੀ ਸਕੂਲੀ ਪੱਧਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਪਾਰਸ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਸਮਰਪਿਤ ਸਿਹਤ ਸੰਭਾਲ ਗਰੁੱਪ ‘ਹੌਂਸਲਾ’ ਦੀ ਸ਼ੁਰੂਆਤ
ਉਨ੍ਹਾਂ ਦੱਸਿਆ ਕਿ ਪਰਾਲੀ ਪ੍ਰਬੰਧਨ ਸਬੰਧੀ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਬਲਾਕ ਜਲਾਲਾਬਾਦ ਦੇ ਤਿੰਨ ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਹਮਣੀਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਬਾਇਆ ਦੇ ਦਸਵੀਂ ਕਲਾਸ ਦੇ ਬੱਚਿਆਂ ਦੇ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਜਲਾਲਾਬਾਦ ਦੇ ਸਟਾਫ ਵੱਲੋਂ ਪਰਾਲੀ ਦੇ ਪ੍ਰਬੰਧਨ ਸਬੰਧੀ ਲੇਖ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੇਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਬੱਚਿਆਂ ਨੂੰ ਵੀ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ।
ਇਸ ਮੌਕੇ ਬਲਾਕ ਖੇਤੀਬਾਡ਼ੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ ਅਤੇ ਬੱਚਿਆਂ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਆਪਣੇ ਮਾਪਿਆਂ ਨੂੰ ਪਰਾਲੀ ਨੂੰ ਨਾ ਸਾੜਨ ਸਬੰਧੀ ਜਾਗਰੂਕ ਕਰਨ ਅਤੇ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨਾਂ ਬਾਰੇ ਜਾਣਕਾਰੀ ਦੇਣ।
ਇਸ ਮੌਕੇ ਏਡੀਓ ਪਰਮਿੰਦਰ ਸਿੰਘ, ਏ ਈ ਓ ਬਲਦੇਵ ਸਿੰਘ, ਗੁਰਵੀਰ ਸਿੰਘ ਏਡੀਓ, ਜਰਮਨਜੀਤ ਸਿੰਘ ਏਐਸਆਈ ਅਤੇ ਸੰਦੀਪ ਸਿੰਘ ਏ ਈ ਤੋਂ ਇਲਾਵਾ ਸਕੂਲ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।