ਪ੍ਰੈਕਟਿਸ ਲਈ ਆਉਣ ਵਾਲੇ ਨੌਜਵਾਨਾਂ ਨਾਲ ਨਿਭਾਇਆ ਵਾਅਦਾ
ਨਵਾਂਸ਼ਹਿਰ, 16 ਅਕਤੂਬਰ 2021
ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅੱਜ ਸਵੇਰੇ ਨਗਰ ਕੌਂਸਲ ਦੀ ਟੀਮ ਸਮੇਤ ਆਈ. ਟੀ. ਆਈ ਗਰਾਊਂਡ ਨਵਾਂਸ਼ਹਿਰ ਪਹੁੰਚੇ, ਜਿਥੇ ਉਨਾਂ ਵੱਲੋਂ ਗਰਾਊਂਡ ਦੀ ਸਫਾਈ ਕਰਵਾਈ ਗਈ। ਇਸ ਮੌਕੇ ਉਨਾਂ ਕਿਹਾ ਕਿ ਦੁਸਹਿਰਾ ਸਮਾਗਮ ਦੌਰਾਨ ਨੁਕਸਾਨੇ ਗਏ ਐਥਲੈਟਿਕਸ ਟਰੈਕ ਨੂੰ ਵੀ ਨਗਰ ਕੌਂਸਲ ਵੱਲੋਂ ਜਲਦ ਹੀ ਠੀਕ ਕਰਵਾ ਕੇ ਇਸ ਨੂੰ ਪਹਿਲਾਂ ਦੀ ਤਰਾਂ ਬਣਾ ਦਿੱਤਾ ਜਾਵੇਗਾ।
ਹੋਰ ਪੜ੍ਹੋ :-ਝੋਨੇ ਦੀ ਫਸਲ ਨੂੰ ਜ਼ਰੂਰਤ ਤੋਂ ਜ਼ਿਆਦਾ ਖਾਦਾਂ ਵਰਤਣ ਨਾਲ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ : ਡਾ ਅਮਰੀਕ ਸਿੰਘ
ਇਸ ਦੌਰਾਨ ਉਹ ਗਰਾਊਂਡ ਵਿਚ ਸੈਰ ਕਰਨ ਲਈ ਆਏ ਸ਼ਹਿਰ ਵਾਸੀਆਂ ਅਤੇ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਨੂੰ ਵੀ ਮਿਲੇ ਅਤੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਗਰਾਊਂਡ ਨੂੰ ਸਾਫ਼-ਸੁਥਰਾ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਧਾਰਮਿਕ ਆਸਥਾ ਦਾ ਖਿਆਲ ਰੱਖਦਿਆਂ ਇਥੇ ਦੁਸਹਿਰਾ ਸਮਾਗਮ ਕਰਵਾਇਆ ਗਿਆ ਹੈ ਅਤੇ ਗਰਾਊਂਡ ਵਿਚ ਪ੍ਰੈਕਟਿਸ ਲਈ ਆਉਣ ਵਾਲੇ ਨੌਜਵਾਨਾਂ ਨਾਲ ਕੀਤੇ ਵਾਅਦੇ ਮੁਤਾਬਿਕ ਇਥੇ ਸਫ਼ਾਈ ਦਾ ਕੰਮ ਕਰਵਾਇਆ ਗਿਆ ਹੈ।
ਉਨਾਂ ਖਿਡਾਰੀਆਂ ਨੂੰ ਮਿਹਨਤ ਅਤੇ ਜੀਅ-ਜਾਨ ਨਾਲ ਪ੍ਰੈਕਟਿਸ ਕਰਕੇ ਆਪਣਾ ਟੀਚਾ ਹਾਸਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਜ਼ਿਲੇ ਦੇ ਹੋਰਨਾਂ ਨੌਜਵਾਨਾਂ ਦਾ ਵੀ ਰਾਹ ਦਿਸੇਰਾ ਹਨ ਕਿਉਂਕਿ ਉਨਾਂ ਨੂੰ ਦੇਖ ਕੇ ਉਹ ਵੀ ਖੇਡਾਂ ਅਤੇ ਸਮਾਜ ਭਲਾਈ ਦੇ ਕੰਮਾਂ ਵੱਲ ਪ੍ਰੇਰਿਤ ਹੋਣਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਕੌਂਸਲਰ ਚੇਤ ਰਾਮ ਰਤਨ, ਪਰਵੀਨ ਭਾਟੀਆ, ਕੁਲਵੰਤ ਕੌਰ, ਬਲਵਿੰਦਰ ਭੂੰਬਲਾ ਤੇ ਹਨੀ ਚੋਪੜਾ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।