ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ‘ਆਪ’ ਦੇ ਚੋਣ ਮੈਨੀਫ਼ੈਸਟੋ ‘ਚ ਹੋਵੇਗਾ ਸ਼ਾਮਲ : ਹਰਪਾਲ ਸਿੰਘ ਚੀਮਾ

ਸੱਤਾ ‘ਚ ਆਉਣ ‘ਤੇ ਪੈਨਸ਼ਨ ਬਹਾਲੀ ਸਮੇਤ ਮੁਲਾਜ਼ਮਾਂ- ਪੈਨਸ਼ਨਰਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ
ਪਟਿਆਲਾ, 24 ਅਗਸਤ 2021
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਦੀ ਮੰਗ ਨੂੰ ਨਾ ਕੇਵਲ ਆਪਣੇ (‘ਆਪ’ ਦੇ) ਚੋਣ ਮਨੋਰਥ ਪੱਤਰ (ਮੈਨੀਫ਼ੈਸਟੋ) ‘ਚ ਸ਼ਾਮਲ ਕਰ ਰਹੀ ਹੈ, ਬਲਕਿ ਭਰੋਸਾ ਦਿਵਾਉਦੀ ਹੈ ਕਿ 2022 ‘ਚ ਸੱਤਾ ਵਿੱਚ ਆਉਣ ਉਪਰੰਤ ਮੁਲਾਜ਼ਮ ਵਰਗ ਦੀ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਸਮੇਤ ਸਾਰੀਆਂ ਜਾਇਜ਼ ਅਤੇ ਲੰਬਿਤ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕਰੇਗੀ। ਹਰਪਾਲ ਸਿੰਘ ਚੀਮਾ ਪਟਿਆਲੇ ਵਿਖੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ‘ਪੁਰਾਣੀ ਪੈਨਸ਼ਨ’ ਬਹਾਲੀ ਲਈ ਕੀਤੀ ਸੂਬਾ ਪੱਧਰੀ ਰੋਸ ਰੈਲੀ ‘ਚ ਸ਼ਿਰਕਤ ਕਰਨ ਪੁੱਜੇ ਸਨ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਸੇਵਾ ਮੁੱਕਤੀ ‘ਤੇ ਸਰਕਾਰੀ ਪੈਨਸ਼ਨ ਪ੍ਰਾਪਤ ਕਰਨਾ ਇੱਕ ਮੁਲਾਜ਼ਮ ਦਾ ਹੱਕ ਹੈ, ਕੋਈ ਖ਼ੈਰਾਤ ਨਹੀਂ। ਇਸ ਲਈ ਕਾਂਗਰਸ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ।
ਇਸ ਤੋਂ ਪਹਿਲਾਂ ਮੁਲਾਜਮਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ ਉੱਚੇਚੇ ਤੌਰ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਜੇ ਦੱਤ ਨੇ ਦੱਸਿਆ ਕਿ ਦੇਸ਼ ਭਰ ਵਿਚੋਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਸਭ ਤੋਂ ਪਹਿਲੀ ਸਰਕਾਰ ਹੈ ਜਿਸਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ।
ਹਜ਼ਾਰਾਂ ਮੁਲਾਜ਼ਮਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ,’ਮੁਲਾਜ਼ਮ ਵਰਗ ਸਰਕਾਰ ਦੀ ਰੀੜ ਦੀ ਹੱਡੀ ਹੁੰਦਾ ਹੈ। ਮੁਲਾਜ਼ਮਾਂ ਦੇ ਸਹਾਰੇ ਹੀ ਸਰਕਾਰ ਦੀਆਂ ਯੋਜਨਾਵਾਂ ਸਿਰੇ ਚੜਦੀਆਂ ਹਨ ਅਤੇ ਪ੍ਰਸ਼ਾਸਨ ਚੱਲਦਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਮੁਲਾਜ਼ਮ ਵਰਗ ਨੂੰ ਹੀ ਮਾਰਨ ‘ਤੇ ਤੁਲੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿੱਥੇ 2004 ‘ਚ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਯੋਜਨਾ ਬੰਦ ਕਰ ਦਿੱਤੀ ਸੀ, ਉਥੇ ਹੀ ਠੇਕੇਦਾਰੀ ਪ੍ਰਣਾਲੀ ਲਾਗੂ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਰਸਤੇ ਹੀ ਬੰਦ ਕਰ ਦਿੱਤੇ ਸਨ।’
ਚੀਮਾ ਨੇ ਦੋਸ਼ ਲਾਇਆ, ”ਕਾਂਗਰਸ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫ਼ਾਰਸ਼ਾਂ ਲਾਗੂ ਕਰਕੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ ਅਤੇ ਵਿਭਾਗਾਂ ਦੇ ਪੁਨਰਗਠਨ ਦੇ ਨਾਂਅ ‘ਤੇ ਆਸਾਮੀਆ ਖ਼ਤਮ ਕਰਕੇ ਲੱਖਾਂ ਨੌਜਵਾਨਾਂ ਤੋਂ ਸਰਕਾਰੀ ਨੌਕਰੀ ਦਾ ਹੱਕ ਖੋਹ ਲਿਆ ਹੈ।”
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਵਿਧਾਇਕ, ਸਾਬਕਾ ਵਿਧਾਇਕ, ਸਾਬਕ ਸੰਸਦ ਮੈਂਬਰ ਬਤੌਰ ਵਿਧਾਨਕਾਰ ਕਈ- ਕਈ ਪੈਨਸ਼ਨਾਂ ਲੈ ਕੇ, ਬੇਲੋੜੇ ਸਲਾਹਕਾਰ ਰੱਖ ਕੇ ਅਤੇ ਵਾਧੂ ਭੱਤੇ ਲੈ ਕੇ ਖ਼ਜਾਨੇ ਨੂੰ ਲੁੱਟ ਰਹੇ ਹਨ। ਦੂਜੇ ਪਾਸੇ 30-30 ਸਾਲ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮ ਇੱਕ ਪੈਨਸ਼ਨ ਲੈਣ ਲਈ ਸੰਘਰਸ਼ ਕਰ ਰਹੇ ਹਨ। ਉਨਾਂ ਦੱਸਿਆ ਕਿ ਸੂਬੇ ‘ਚ ਕਰੀਬ 1 ਲੱਖ 50 ਹਜ਼ਾਰ ਕੱਚੇ, ਐਡਹਾਕ, ਠੇਕੇ ਅਤੇ ਆਊਟਸੋਰਸਿੰਗ ਕਰਮਚਾਰੀ ਹਨ, ਜੋ ਪਿਛਲੇ 10-12 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਹਨ, ਪਰ ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਵੀ ਇਨਾਂ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕਰ ਰਹੀ।
ਉਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੇ ਰਾਹੀਂ ਮੁਲਾਜ਼ਮਾਂ ਨੂੰ ਵਿੱਤੀ ਲਾਭ ਦੇਣ ਦੀ ਥਾਂ ਉਨਾਂ 35 ਕਿਸਮ ਦੇ ਭੱਤੇ ਹੀ ਖੋੋਹ ਲਏ। ਉਨਾਂ ਕਿਹਾ ਕਾਂਗਰਸ ਸਰਕਾਰ ਨੇ ਆਵਾਜਾਈ ਭੱਤਾ, ਸ਼ਹਿਰੀ ਰਿਹਾਇਸ਼ੀ ਭੱਤਾ, ਨਗਦੀ ਸੰਭਾਲ ਭੱਤਾ, ਟਰੇਨਿੰਗ ਭੱਤਾ, ਪਰਿਵਾਰ ਨਿਯੋਜਨ ਭੱਤਾ ਆਦਿ ਤਾਂ ਖ਼ਤਮ ਹੀ ਕਰ ਦਿੱਤੇ, ਜਦੋਂ ਕਿ ਡਾਕਟਰਾਂ ਦਾ ਐਨ.ਪੀ.ਏ, ਸਕੱਤਰੇਤ ਕਰਮਚਾਰੀਆਂ ਅਤੇ ਡਰਾਇਰਵਾਂ ਦੇ ਭੱਤੇ ਮੁੱਢਲੀ ਤਨਖਾਹ ਨਾਲੋਂ ਵੱਖ ਕਰਕੇ ਮਿਲਦਾ ਲਾਭ ਵੀ ਖੋਹ ਲਿਆ ਹੈ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਮੁਲਾਜ਼ਮ ਵਿੰਗ ਦੇ ਆਗੂ ਅਮਰੀਕ ਸਿੰਘ ਬੰਗੜ ਅਤੇ ਗੁਰਮੇਲ ਸਿੰਘ ਸਿੱਧੂ ਸਮੇਤ ਹੋਰ ‘ਆਪ’ ਆਗੂ ਹਾਜ਼ਰ ਸਨ।

Spread the love